ਮਰੀਜ਼ ਨੂੰ ਮੰਜੀ ''ਤੇ ਲਿਟਾ ਕੇ ਪਾਰ ਕੀਤਾ ਨਾਲਾ, ਮੌਕੇ ''ਤੇ ਨਹੀਂ ਪਹੁੰਚ ਸਕੀ ਐਂਬੂਲੈਂਸ, ਜਾਣੋ ਪੂਰਾ ਮਾਮਲਾ
Sunday, Aug 04, 2024 - 03:30 PM (IST)
ਸੁਕਮਾ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਅੰਦਰੂਨੀ ਇਲਾਕਿਆਂ ਵਿਚ ਪਿੰਡ ਵਾਸੀਆਂ ਦੀ ਹਾਲਤ ਮਾੜੀ ਹੈ। ਅਜਿਹੇ 'ਚ ਪਿੰਡ ਵਾਸੀਆਂ ਨੇ 10 ਕਿਲੋਮੀਟਰ ਪੈਦਲ ਚੱਲ ਕੇ ਮਰੀਜ਼ ਨੂੰ ਮੰਜੀ ਦੀ ਮਦਦ ਨਾਲ ਨਾਲਾ ਪਾਰ ਕਰਵਾਇਆ ਤਾਂ ਜਾ ਕੇ ਬੀਮਾਰ ਮਰੀਜ਼ ਨੂੰ ਐਂਬੂਲੈਂਸ ਹਸਪਤਾਲ 'ਚ ਦਾਖਲ ਕਰਵਾਇਆ ਜਾ ਸਕਿਆ। ਦੱਸਿਆ ਜਾਂਦਾ ਹੈ ਕਿ ਨਕਸਲ ਪ੍ਰਭਾਵਿਤ ਪਿੰਡ ਪਾਲਾਮੜਗੂ ਦੇ ਰਹਿਣ ਵਾਲੇ 28 ਸਾਲਾ ਮਡਕਮ ਪੋਡੀਆ ਨੂੰ ਉਲਟੀਆਂ ਅਤੇ ਦਸਤ ਕਾਰਨ ਸਿਹਤ ਵਿਗੜਨ 'ਤੇ ਹਸਪਤਾਲ ਲਿਜਾਣਾ ਪਿਆ ਪਰ ਨਾਲਾ ਭਰਿਆ ਹੋਣ ਕਾਰਨ ਐਂਬੂਲੈਂਸ ਪਿੰਡ ਤੱਕ ਨਹੀਂ ਪਹੁੰਚ ਸਕੀ।
ਇਸ ਤੋਂ ਬਾਅਦ ਐਂਬੂਲੈਂਸ ਦੇ ਡਰਾਈਵਰ ਸ਼ੇਖ ਅਕਬਰ ਨੇ ਪਿੰਡ ਵਾਸੀਆਂ ਨੂੰ ਖਬਰ ਭੇਜੀ ਤਾਂ ਪਿੰਡ ਵਾਸੀਆਂ ਨੇ 10 ਕਿਲੋਮੀਟਰ ਪੈਦਲ ਚੱਲ ਕੇ ਮਰੀਜ਼ ਨੂੰ ਮੰਜੀ ਦੀ ਮਦਦ ਨਾਲ ਨਾਲਾ ਪਾਰ ਕਰਵਾਇਆ ਤਾਂ ਜਾ ਕੇ ਬੀਮਾਰ ਮਰੀਜ਼ ਨੂੰ ਐਂਬੂਲੈਂਸ ਰਾਹੀਂ ਦੋਰਨਪਾਲ ਹਸਪਤਾਲ ਪਹੁੰਚਾਇਆ ਜਾ ਸਕਿਆ। ਜ਼ਿਕਰਯੋਗ ਹੈ ਕਿ ਪਾਲਾਮਾੜਗੂ ਨਕਸਲ ਪ੍ਰਭਾਵਿਤ ਇਲਾਕਾ ਹੋਣ ਕਾਰਨ ਅੱਜ ਤੱਕ ਰਸਤੇ ਵਿਚ ਪੈਣ ਵਾਲੇ ਨਾਲੇ 'ਤੇ ਪੁਲ ਦਾ ਨਿਰਮਾਣ ਨਹੀਂ ਹੋ ਸਕਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੁਲ ਲਈ ਕਈ ਵਾਰ ਟੈਂਡਰ ਵੀ ਕੱਢੇ ਗਏ ਸਨ ਪਰ ਨਕਸਲੀ ਦਹਿਸ਼ਤ ਕਾਰਨ ਇੱਥੇ ਕੰਮ ਨਹੀਂ ਹੋ ਸਕਿਆ। ਪੁਲ ਤੋਂ ਇਲਾਵਾ ਇਸ ਮਾਰਗ ’ਤੇ ਕੋਈ ਵੀ ਸੜਕ ਨਹੀਂ ਹੈ, ਜਿਸ ਕਾਰਨ ਇਹ ਖੇਤਰ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਹੈ।
ਮੀਂਹ ਦੇ ਦਿਨਾਂ ਦੌਰਾਨ ਇੱਥੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ। ਇਸ ਕਾਰਨ ਜਦੋਂ ਪਿੰਡ ਵਾਸੀਆਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਇੱਥੇ ਆਉਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਜਾਨ ਜ਼ੋਖਮ ਵਿਚ ਪਾਉਣੀ ਪੈਂਦੀ ਹੈ। ਸੁਕਮਾ ਜ਼ਿਲ੍ਹੇ 'ਚ ਨਕਸਲੀ ਦਹਿਸ਼ਤ ਕਾਰਨ ਅੱਜ ਤੱਕ ਕਈ ਇਲਾਕਿਆਂ 'ਚ ਸੜਕਾਂ ਨਹੀਂ ਪੁੱਜੀਆਂ ਹਨ, ਜਿਸ ਕਾਰਨ ਅੰਦਰੂਨੀ ਇਲਾਕਿਆਂ 'ਚ ਪਿੰਡਾਂ ਦੇ ਲੋਕਾਂ ਨੂੰ ਮੀਂਹ ਦੇ ਮੌਸਮ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।