ਸੜਕ ਤੋਂ ਸੱਖਣਾ ਪਿੰਡ, ਮਰੀਜ਼ ਨੂੰ 18 ਕਿ.ਮੀ. ਮੋਢਿਆਂ ''ਤੇ ਲੱਦ ਕੇ ਹਸਪਤਾਲ ਤੱਕ ਪਹੁੰਚਾਇਆ

Sunday, Sep 22, 2024 - 05:17 PM (IST)

ਸੜਕ ਤੋਂ ਸੱਖਣਾ ਪਿੰਡ, ਮਰੀਜ਼ ਨੂੰ 18 ਕਿ.ਮੀ. ਮੋਢਿਆਂ ''ਤੇ ਲੱਦ ਕੇ ਹਸਪਤਾਲ ਤੱਕ ਪਹੁੰਚਾਇਆ

ਜਗਦਲਪੁਰ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਨਕਸਲੀਆਂ ਦੀ ਦਹਿਸ਼ਤ ਕਾਰਨ ਅੱਜ ਵੀ ਕਈ ਪਿੰਡ ਸੜਕਾਂ ਤੋਂ ਸੱਖਣੇ ਹਨ। ਫਿਰ ਵੀ ਕੋਂਟਾ ਨਾਲ ਲੱਗੇ ਬੇਦਰੇ ਬੋਡਮ ਪਾੜਾ ਤੋਂ ਮਨੁੱਖਤਾ ਦੀ ਸੁੰਦਰ ਤਸਵੀਰ ਸਾਹਮਣੇ ਆਈ ਹੈ, ਜਿੱਥੇ ਐਂਬੂਲੈਂਸ ਚਾਲਕ ਅਤੇ ਈ. ਐੱਮ. ਟੀ. ਮਰੀਜ਼ ਨੂੰ ਮੰਜੇ 'ਤੇ ਲੱਦ ਕੇ 18 ਕਿਲੋਮੀਟਰ ਪੈਦਲ ਮੋਢਿਆਂ ਦੇ ਸਹਾਰੇ 108 ਐਂਬੂਲੈਂਸ ਤੱਕ ਲੈ ਕੇ ਆਏ। ਇਸ ਤੋਂ ਬਾਅਦ ਮਰੀਜ਼ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਕਪਿਲ ਠਾਕੁਰ ਨੇ ਐਤਵਾਰ ਨੂੰ ਦੱਸਿਆ ਕਿ ਮਰੀਜ਼ 4 ਦਿਨ ਤੋਂ ਬੀਮਾਰ ਸੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਨਹੀਂ ਲੈ ਗਏ ਪਰ ਜਦੋਂ ਸਿਹਤ ਜ਼ਿਆਦਾ ਖਰਾਬ ਹੋਈ ਤਾਂ 108 ਐਂਬੂਲੈਂਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਮਰੀਜ਼ ਨੂੰ ਪੈਦਲ ਹਸਪਤਾਲ ਲਿਜਾਇਆ ਗਿਆ। 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਦਰੇ ਬੋਡਮ ਪਾੜਾ ਵਾਸੀ ਮਡੀਆਮ ਪਾਂਡੂ (25) ਚਾਰ ਦਿਨਾਂ ਤੋਂ ਬੀਮਾਰ ਸੀ। ਪਰਿਵਾਰਕ ਮੈਂਬਰ ਉਸ ਨੂੰ ਕਿਸੇ ਵੀ ਹਸਪਤਾਲ ਵਿਚ ਨਹੀਂ ਲੈ ਜਾ ਸਕੇ, ਜਿਸ ਕਾਰਨ ਮਰੀਜ਼ ਚਾਰ ਦਿਨ ਘਰ ਵਿਚ ਹੀ ਰਿਹਾ। ਮਰੀਜ਼ ਦੀ ਸਿਹਤ ਵਿਗੜਦੀ ਦੇਖ ਕੇ ਪਰਿਵਾਰ ਵਾਲਿਆਂ ਨੇ ਦੁਪਹਿਰ ਵੇਲੇ 108 ਸੰਜੀਵਨੀ ਐਕਸਪ੍ਰੈਸ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਐਂਬੂਲੈਂਸ 108 ਦੇ ਈ. ਐਮ. ਟੀ ਰੋਹਿਤ ਅਤੇ ਪਾਇਲਟ ਦਿਲੀਪ ਆਪਣੀ ਗੱਡੀ ਲੈ ਕੇ ਮਰੀਜ਼ ਨੂੰ ਪਿੰਡ ਦੇ ਵਿਚਕਾਰ ਵਾਲੀ ਸੜਕ ’ਤੇ ਪਾਰਕ ਕਰਨ ਤੋਂ ਬਾਅਦ ਪੈਦਲ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਬੇਦਰੇ ਬੋਡਮ ਪਾੜਾ ਪੁੱਜੇ, ਜਿੱਥੇ ਮਰੀਜ਼ ਤੁਰਨ ਦੀ ਹਾਲਤ 'ਚ ਬਿਲਕੁਲ ਵੀ ਨਹੀਂ ਸੀ।

ਅਜਿਹੇ 'ਚ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਐਂਬੂਲੈਂਸ ਚਾਲਕ ਵਲੋਂ ਮੰਜੇ 'ਤੇ ਮਰੀਜ਼ ਨੂੰ ਲਿਟਾਉਣ ਮਗਰੋਂ ਉਸ ਨੂੰ ਡੰਡੇ ਦੇ ਸਹਾਰੇ ਮੋਢਿਆਂ 'ਤੇ ਲੱਦ ਕੇ 18 ਕਿਲੋਮੀਟਰ ਦਾ ਸਫਰ ਤੈਅ ਕਰਕੇ ਐਂਬੂਲੈਂਸ ਤੱਕ ਲੈ ਗਏ। ਇਸ ਤੋਂ ਬਾਅਦ ਉਸ ਨੂੰ ਪੀ. ਐਚ. ਸੀ ਬਾਸਾਗੁੜਾ ਲਿਜਾਇਆ ਗਿਆ ਅਤੇ ਦਾਖਲ ਕਰਵਾਇਆ ਗਿਆ। ਕਪਿਲ ਠਾਕੁਰ ਨੇ ਕਿਹਾ ਕਿ ਸੁਕਮਾ ਜ਼ਿਲ੍ਹੇ ਦੇ ਅੰਦਰੂਨੀ ਇਲਾਕਿਆਂ 'ਚ ਸੜਕਾਂ ਦੀ ਘਾਟ ਕਾਰਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸੁਕਮਾ ਜ਼ਿਲ੍ਹੇ ਦੇ ਸਿਲਗਰ ਦੇ ਨਾਲ ਲੱਗਦੇ ਪਿੰਡ ਬੋਡਮ ਪਾੜਾ 'ਚ 108 ਐਂਬੂਲੈਂਸ ਨਹੀਂ ਪਹੁੰਚ ਸਕੀ ਅਤੇ ਇਸ ਤੋਂ ਬਾਅਦ ਐਂਬੂਲੈਂਸ ਦੇ ਕਰਮੀਆਂ ਨੇ ਮਰੀਜ਼ ਨੂੰ ਮੰਜੀ ਦੀ ਮਦਦ ਨਾਲ ਐਂਬੂਲੈਂਸ ਤੱਕ ਪਹੁੰਚਾਇਆ ਅਤੇ ਮਰੀਜ਼ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਮਰੀਜ਼ ਦੀ ਹਾਲਤ ਨਾਰਮਲ ਦੱਸੀ ਜਾ ਰਹੀ ਹੈ।


author

Tanu

Content Editor

Related News