ਸਿਹਤ ਕੇਂਦਰ ਬੰਦ, ਬਰਫ਼ ''ਚ 14 ਕਿਲੋਮੀਟਰ ਪਿੱਠ ''ਤੇ ਚੁੱਕ ਕੇ ਹਸਪਤਾਲ ਪਹੁੰਚਾਇਆ ਮਰੀਜ਼
Saturday, Feb 04, 2023 - 10:20 AM (IST)
ਪਾਂਗੀ (ਵੀਰੂ)- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਖੇਤਰ ਪਾਂਗੀ ਦੀ ਸੁਰਾਲ ਘਾਟੀ 'ਚ ਪ੍ਰਦੇਸ਼ ਦੀ ਸੁੱਖੂ ਸਰਕਾਰ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀ. ਐੱਚ. ਸੀ.) ਬੰਦ ਹੋਣ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਿਲਾੜ ਜਾਣਾ ਪੈਂਦਾ ਹੈ। ਇਸ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਾਟੀ ’ਚ ਹੋਈ ਰਿਕਾਰਡਤੋੜ ਬਰਫਬਾਰੀ ਤੋਂ ਬਾਅਦ ਸੁਰਾਲ ਵੈਲੀ ਸੜਕ ਬੰਦ ਹੈ। ਅਜਿਹੇ ’ਚ ਜੇਕਰ ਕੋਈ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਪਿੱਠ ’ਤੇ ਚੁੱਕ ਕੇ ਸਿਵਲ ਹਸਪਤਾਲ ਕਿਲਾੜ ਪਹੁੰਚਾਇਆ ਜਾਂਦਾ ਹੈ। ਵੀਰਵਾਰ ਦੇਰ ਰਾਤ ਇਕ ਵਿਅਕਤੀ ਅਚਾਨਕ ਬੀਮਾਰ ਹੋ ਗਿਆ।
ਪਿੰਡ ਵਾਸੀਆਂ ਨੇ ਉਸ ਨੂੰ ਪਿੱਠ ’ਤੇ ਚੁੱਕ ਕੇ 14 ਕਿਲੋਮੀਟਰ ਧਰਵਾਸ ਜ਼ੀਰੋ ਪੁਆਇੰਟ ਤੱਕ ਪਹੁੰਚਾਇਆ, ਇੱਥੋਂ ਉਸ ਨੂੰ ਨਿੱਜੀ ਵਾਹਨ ਰਾਹੀਂ ਸਿਵਲ ਹਸਪਤਾਲ ਕਿਲਾੜ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸੁਰਾਲ ਪੰਚਾਇਤ ਦੇ ਪਿੰਡ ਤਾਈ ਵਾਸੀ ਮਹਾਤਮ ਚੰਦ ਦੇ ਪੇਟ ’ਚ ਅਚਾਨਕ ਦਰਦ ਹੋਣ ਲੱਗਾ। ਜਦੋਂ ਦਰਦ ਘੱਟ ਨਾ ਹੋਇਆ ਤਾਂ ਸ਼ੁੱਕਰਵਾਰ ਸਵੇਰੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ 14 ਕਿਲੋਮੀਟਰ ਪਿੱਠ ’ਤੇ ਚੁੱਕ ਕੇ ਤਾਈ ਪਿੰਡ ਤੋਂ ਧਰਵਾਸ ਪਹੁੰਚਾਇਆ। ਇੱਥੋਂ ਨਿੱਜੀ ਵਾਹਨ ਕਰ ਕੇ ਉਸ ਨੂੰ ਕਿਲਾੜ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਮਰੀਜ਼ ਨੂੰ ਦਾਖ਼ਲ ਕਰ ਲਿਆ। ਮਰੀਜ਼ ਦੀ ਹਾਲਤ ’ਚ ਸੁਧਾਰ ਹੈ। ਤਾਈ ਪਿੰਡ ਤੋਂ ਕਿਲਾੜ 29 ਕਿਲੋਮੀਟਰ ਦੂਰ ਹੈ।