ਰਾਜਸਥਾਨ : ਰਸਤੇ ''ਚ ਐਂਬੂਲੈਂਸ ਦਾ ਪੈਟਰੋਲ ਹੋਇਆ ਖ਼ਤਮ, ਮਰੀਜ਼ ਦੀ ਗਈ ਜਾਨ
Saturday, Nov 26, 2022 - 05:56 PM (IST)
ਬਾਂਸਵਾੜਾ (ਏਜੰਸੀ)- ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਐਂਬੂਲੈਂਸ 'ਚ ਪੈਟਰੋਲ ਖ਼ਤਮ ਹੋਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਦੋਸ਼ ਹੈ ਕਿ ਐਂਬੂਲੈਂਸ ਦਾ ਪੈਟਰੋਲ ਖ਼ਤਮ ਹੋਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਲਿਜਾਉਣ 'ਚ ਦੇਰੀ ਹੋਈ। ਬਾਂਸਵਾੜਾ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਣ.ਐੱਚ.ਓ.) ਡਾ. ਬੀਪੀ ਵਰਮਾ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜ ਦੇ ਫੂਡ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਪ੍ਰਤਾਪ ਖਾਚਰਿਆਵਾਸ ਨੇ ਕਿਹਾ ਕਿ ਸਰਕਾਰ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਮਰੀਜ਼ ਦੇ ਪਰਿਵਾਰ ਵਾਲੇ ਉਸ ਨੂੰ ਸਮੇਂ 'ਤੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ 'ਚ ਵਾਹਨ ਨੂੰ ਧੱਕਾ ਲਗਾਉਂਦੇ ਦਿੱਸ ਰਹੇ ਹਨ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਸੀ.ਐੱਮ.ਐੱਚ.ਓ. ਨੇ ਕਿਹਾ,''ਸਾਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਪੀੜਤ ਦੇ ਪਰਿਵਾਰ ਨੂੰ ਮਿਲਾਂਗੇ ਅਤੇ ਪਤਾ ਲਗਾਵਾਂਗੇ ਕਿ ਕਿਤੇ ਕੋਈ ਲਾਪਰਵਾਹੀ ਤਾਂ ਨਹੀਂ ਹੋਈ।'' ਉਨ੍ਹਾਂ ਕਿਹਾ ਕਿ ਐਂਬੂਲੈਂਸ ਨਿੱਜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਐਂਬੂਲੈਂਸ ਦਾ ਫਿਊਲ ਖ਼ਤਮ ਹੋ ਜਾਂਦਾ ਹੈ ਤਾਂ ਦੋਸ਼ ਮਾਲਕ ਦਾ ਹੁੰਦਾ ਹੈ ਨਾ ਕਿ ਸੂਬੇ ਦੀ ਸਿਹਤ ਸੇਵਾ ਪ੍ਰਣਾਲੀ ਦਾ। ਮੰਤਰੀ ਨੇ ਕਿਹਾ,''ਸਾਡੀ ਸਰਕਾਰ ਨਿੱਜੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਮੁਫ਼ਤ ਇਲਾਜ ਦਿੰਦੀ ਹੈ। ਹਾਲਾਂਕਿ ਜੇਕਰ ਇਕ ਨਿੱਜੀ ਐਂਬੂਲੈਂਸ ਦਾ ਫਿਊਲ ਖ਼ਤਮ ਹੋ ਜਾਂਦਾ ਹੈ ਅਤੇ ਮਰੀਜ਼ ਮਰ ਜਾਂਦਾ ਹੈ ਤਾਂ ਦੋਸ਼ ਐਂਬੂਲੈਂਸ ਸੇਵਾ ਦੇ ਪ੍ਰਬੰਧਨ ਦਾ ਹੈ ਨਾ ਕਿ ਸਿਹਤ ਸੇਵਾ ਪ੍ਰਣਾਲੀ ਦਾ। ਅਸੀਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ