ਦੌੜਨ ਦਾ ਜਨੂੰਨ; 71 ਸਾਲਾ ਡਾਕਟਰ ਨੇ ਪੂਰੀ ਕੀਤੀ 102ਵੀਂ ਮੈਰਾਥਨ

Saturday, Oct 01, 2022 - 03:01 PM (IST)

ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਦੇ ਮੰਨੇ-ਪ੍ਰਮੰਨੇ ਡਾਕਟਰ 71 ਸਾਲਾ ਸੋਮਨਾਥ ਸੇਠੀ ਨੂੰ ਦੌੜਨ ਅਤੇ ਉਸ ਨਾਲ ਸਬੰਧਤ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਣ ਦੇ ਉਨ੍ਹਾਂ ਦੇ ਜਨੂੰਨ ਲਈ ਜਾਣਿਆ ਜਾਂਦਾ ਹੈ। ਸੇਠੀ ਨੇ ਹੁਣ ਤੱਕ 102 ਮੈਰਾਥਨ ਅਤੇ ਹਾਫ਼-ਮੈਰਾਥਨ ’ਚ ਹਿੱਸਾ ਲਿਆ ਹੈ ਅਤੇ ਦੌੜ ਪੂਰੀ ਕਰਨ ਦਾ ਅਨੋਖਾ ਕਾਰਨਾਮਾ ਕਰ ਵਿਖਾਇਆ। ਪਿਛਲੇ ਹਫ਼ਤੇ ਚੰਡੀਗੜ੍ਹ ’ਚ ਆਯੋਜਿਤ ਟਫਮੈਨ ਮੈਰਾਥਨ ’ਚ ਉਨ੍ਹਾਂ 60 ਤੋਂ ਵੱਧ ਉਮਰ ਵਰਗ ਦਾ ਤੀਜਾ ਸਥਾਨ ਮਿਲਿਆ ਹੈ। ਇਹ ਉਨ੍ਹਾਂ ਦੀ 102ਵੀਂ ਮੈਰਾਥਨ ਸੀ।

ਸੇਠੀ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਕੁੱਲ 102 ਮੈਰਾਥਨ ’ਚ ਦੌੜ ਲਾਈ ਹੈ, ਜਿਸ ’ਚ 42.2 ਕਿਲੋਮੀਟਰ ਵਾਲੀ 16 ਮੈਰਾਥਨ ਸ਼ਾਮਲ ਹਨ, ਜਦਕਿ 50 ਕਿਲੋਮੀਟਰ ਵਾਲੀ ਇਕ ਅਲਰਟਾ ਮੈਰਾਥਨ ਅਤੇ 21.1 ਕਿਲੋਮੀਟਰ ਵਾਲੀ 85 ਹਾਫ਼ ਮੈਰਾਥਨ ’ਚ ਉਨ੍ਹਾਂ ਨੇ ਹਿੱਸਾ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਰੂਕਸ਼ੇਤਰ ’ਚ ਆਪਣੀ 100ਵੀਂ ਮੈਰਾਥਨ ਪੂਰੀ ਕੀਤੀ ਸੀ। ਡਾਕਟਰ ਸੇਠੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੇ ਰੋਗੀਆਂ ਨੂੰ ਦਵਾਈਆਂ ’ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਸਰੀਰਕ ਸਿਹਤ ਦਾ ਵੱਧ ਧਿਆਨ ਰੱਖਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ, ਜੇਕਰ ਸਿਹਤ ਨੂੰ ਚੁਸਤ-ਫੁਸਤ ਰੱਖਣਾ ਹੈ ਤਾਂ ਨਿਯਮਿਤ ਰੂਪ ਨਾਲ ਕਸਰਤ ਕਰੋ। 

ਸੇਠੀ ਦਾ ਕਹਿਣਾ ਹੈ ਕਿ ਉਹ 15 ਜਨਵਰੀ 2017 ਨੂੰ ਆਯੋਜਿਤ ਸਟੈਂਡਰਡ ਚਾਰਟਰਡ ਮੁੰਬਈ ਮੈਰਾਥਨ ’ਚ 65-70 ਉਮਰ ਵਰਗ ’ਚ ਤੀਜੇ ਨੰਬਰ ’ਤੇ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਭ ਤੋਂ ਚੰਗੀ ਟਾਈਮਿੰਗ 1 ਘੰਟਾ 55 ਮਿੰਟ ’ਚ ਹਾਫ਼-ਮੈਰਾਥਨ ਅਤੇ 4 ਘੰਟੇ 14 ਮਿੰਟ ’ਚ ਫੁੱਲ ਮੈਰਾਥਨ ਪੂਰੀ ਕਰਨਾ ਰਹੀ ਹੈ। ਉਹ ਆਪਣੇ ਕਾਲਜ ਦੇ ਦਿਨਾਂ ਵਿਚ ਨਿਯਮਿਤ ਰੂਪ ਨਾਲ 5 ਕਿਲੋਮੀਟਰ ਤੋਂ 10 ਕਿਲੋਮੀਟਰ ਦੌੜ ਲਾਉਂਦੇ ਸਨ। ਉਨ੍ਹਾਂ ਨੇ ਕਈ ‘ਵਾਕਿੰਗ ਰੇਸ’ ’ਚ ਹਿੱਸਾ ਲਿਆ। 

ਡਾਕਟਰ ਸੇਠੀ ਮੁਤਾਬਕ ਉਹ ਵਿਅਕਤੀਗਤ ਰੂਪ ਨਾਲ ਮੰਨਦੇ ਹਨ ਕਿ ਭਗਵਾਨ ਨੇ ਸਾਨੂੰ ਅਪਾਰ ਸਮਰੱਥਾ ਬਖ਼ਸ਼ੀ ਹੈ, ਜਿਸ ਦਾ ਸ਼ਾਇਦ ਹੀ ਇਸਤੇਮਾਲ ਕੀਤਾ ਜਾਂਦਾ ਹੈ। ਉਹ ਇਸ ਗੱਲ ਦੀ ਵੀ ਵਕਾਲਤ ਕਰਦੇ ਹਨ ਕਿ ਦੌੜਨਾ ਚੰਗੀ ਸਿਹਤ ਨੂੰ ਬਣਾ ਕੇ ਰੱਖਣ ਦਾ ਇਕ ਜ਼ਰੂਰੀ ਹਿੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੌੜਨਾ ਸੌਖਾ ਹੈ, ਤੁਹਾਨੂੰ ਕਿਸੇ ਯੰਤਰ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਸਮੇਂ ਇਹ ਕਰ ਸਕਦੇ ਹੋ।


Tanu

Content Editor

Related News