ਤਿਉਹਾਰਾਂ ਮੌਕੇ ਘਰ ਜਾਣ ਵਾਲੇ ਮੁਸਾਫ਼ਰਾਂ ਨਾਲ ਹੋ ਰਹੀ ਮਾੜੀ, ਟਰੇਨਾਂ ਦੇ ਪਖ਼ਾਨੇ ''ਚ ਕਰਨਾ ਪੈ ਰਿਹੈ ਸਫ਼ਰ
Tuesday, Oct 29, 2024 - 01:55 PM (IST)
ਨਵੀਂ ਦਿੱਲੀ- ਹਰ ਸਾਲ ਦੀਵਾਲੀ ਅਤੇ ਛੱਠ ਪੂਜਾ ’ਤੇ ਲੱਖਾਂ ਲੋਕ ਬਿਹਾਰ ਆਪਣੇ ਘਰਾਂ ਨੂੰ ਜਾਂਦੇ ਹਨ, ਤਾਂ ਜੋ ਉਹ ਇਸ ਤਿਉਹਾਰ ਨੂੰ ਆਪਣੇ ਪਰਿਵਾਰਾਂ ਨਾਲ ਮਨਾ ਸਕਣ। ਇਸ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਵੱਲੋਂ ਕਈ ਤਿਉਹਾਰੀ ਸਪੈਸ਼ਲ ਟਰੇਨਾਂ ਵੀ ਚਲਾਈਆਂ ਜਾਂਦੀਆਂ ਹਨ, ਜਿਸ ਦੇ ਬਾਵਜੂਦ ਕਈ ਲੋਕ ਕਨਫਰਮ ਟਿਕਟਾਂ ਨਹੀਂ ਲੈ ਪਾਉਂਦੇ।
ਅਜਿਹੇ ’ਚ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਜੁਗਾੜ ਦਾ ਸਹਾਰਾ ਲੈ ਕੇ ਆਪਣੇ ਘਰਾਂ ਨੂੰ ਮੰਦੇ ਹਾਲ 'ਚ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਇਹ ਸਭ ਕੁਝ ਦੇਖਣ ਨੂੰ ਮਿਲ ਜਾਂਦਾ ਹੈ। ਅਜਿਹੇ ਕਈ ਵੀਡੀਓ ਸਾਹਮਣੇ ਆ ਰਹੇ ਹਨ, ਜਿੱਥੇ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਵਿਚ ਕਈ ਲੋਕਾਂ ਨੂੰ ਟਰੇਨ ਦੇ ਗੇਟ ’ਤੇ ਲਟਕ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਤਾਂ ਟਰੇਨਾਂ ਦੇ ਪਖ਼ਾਨਿਆਂ ਵਿਚ ਬੈਠ ਕੇ ਯਾਤਰਾ ਕਰਨ ਲਈ ਮਜ਼ਬੂਰ ਹਨ।
ਤਾਜ਼ਾ ਮਾਮਲਾ ਆਨੰਦ ਵਿਹਾਰ ਸਟੇਸ਼ਨ ਦਾ ਸਾਹਮਣੇ ਆਇਆ ਹੈ। ਜਿੱਥੇ ਦਿੱਲੀ ਤੋਂ ਭਾਗਲਪੁਰ ਜਾਣ ਵਾਲੀ ਟਰੇਨ ’ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਹਾਲਤ ਬਹੁਤ ਤਰਸਯੋਗ ਨਜ਼ਰ ਆ ਰਹੀ ਹੈ। ਯਾਤਰੀਆਂ ਦੀਆਂ ਟਿਕਟਾਂ ਕਨਫਰਮ ਨਾ ਹੋਣ ਕਾਰਨ ਉਹ ਟਰੇਨ ਦੇ ਜਨਰਲ ਡੱਬੇ ’ਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ।