''ਭਾਰਤ ਤੇ ਇਜ਼ਰਾਈਲ ਕੋਲ ਸਹਿਯੋਗ ਦੇ ਬਹੁਤ ਜ਼ਿਆਦਾ ਮੌਕੇ..!'' ; ਸੀਨੀਅਰ ਅਧਿਕਾਰੀ ਨੇ ਦਿੱਤਾ ਵੱਡਾ ਬਿਆਨ

Monday, Dec 08, 2025 - 11:05 AM (IST)

''ਭਾਰਤ ਤੇ ਇਜ਼ਰਾਈਲ ਕੋਲ ਸਹਿਯੋਗ ਦੇ ਬਹੁਤ ਜ਼ਿਆਦਾ ਮੌਕੇ..!'' ; ਸੀਨੀਅਰ ਅਧਿਕਾਰੀ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਇਕ ਇਜ਼ਰਾਈਲੀ ਅਧਿਕਾਰੀ ਨੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (ਆਈ.ਐੱਮ.ਈ.ਸੀ.) ਪ੍ਰਾਜੈਕਟ ਨੂੰ ‘ਸ਼ਾਨਦਾਰ’ ਕਰਾਰ ਦਿੱਤਾ ਅਤੇ ਕਿਹਾ ਕਿ ਇਜ਼ਰਾਈਲ ਅਤੇ ਭਾਰਤ ਵਿਚਕਾਰ ਸਬੰਧ ‘ਬਹੁਤ ਮਜ਼ਬੂਤ’ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੇ ‘ਬਹੁਤ ਜ਼ਿਆਦਾ ਮੌਕੇ’ ਹਨ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਥੇ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਭਾਰਤ ਵਿਚਕਾਰ ਸਬੰਧ ਬਹੁਤ ਮਜ਼ਬੂਤ ​​ਹਨ ਅਤੇ ਇਹ ਨਾਗਰਿਕ ਤੇ ਫੌਜੀ ਅਤੇ ਰੱਖਿਆ ਸਹਿਯੋਗ ਦੋਵਾਂ ਪੱਖੋਂ ਹੋਰ ਵੀ ਮਜ਼ਬੂਤ ​​ਹੋ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਇਕੱਠਿਆਂ ਮਿਲ ਕੇ ਕੰਮ ਕਰਨ ਦੇ ‘ਬਹੁਤ ਜ਼ਿਆਦਾ ਮੌਕੇ’ ਹਨ।

ਆਈ. ਐੱਮ. ਈ. ਸੀ. ਪ੍ਰਾਜੈਕਟ ਬਾਰੇ ਅਧਿਕਾਰੀ ਨੇ ਕਿਹਾ ਕਿ ਇਹ ਇਜ਼ਰਾਈਲ ਲਈ ਇਕ ਬਹੁਤ ਵਧੀਆ ਪਹਿਲਕਦਮੀ ਹੈ। ਅਸੀਂ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਮੌਜੂਦਾ ਸਮੇਂ ਵਿਚ ਦੋ ਅਜਿਹੇ ਦੇਸ਼ ਹਨ, ਜੋ ਦਸਤਖਤਕਰਤਾ ਨਹੀਂ ਹਨ- ਜਾਰਡਨ ਅਤੇ ਇਜ਼ਰਾਈਲ। ਪਹਿਲੇ ਪੜਾਅ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਦੋਵੇਂ ਦੇਸ਼ ਇਕ ਵੱਡੇ ਢਾਂਚੇ ਦਾ ਹਿੱਸਾ ਬਣਨ।

ਹਮਾਸ ਨਾਲ ਜੰਗ ਨੇ ਪਾਇਆ ਪ੍ਰਾਜੈਕਟ ’ਤੇ ਅਸਰ
ਆਈ. ਐੱਮ. ਈ. ਸੀ. ਇਕ ਪਰਿਵਰਤਨਸ਼ੀਲ ਪਹਿਲਕਦਮੀ ਹੈ, ਜਿਸ ਦਾ ਮਕਸਦ ਤਿੰਨ ਖੇਤਰਾਂ ਵਿਚ ਸੰਪਰਕ, ਵਪਾਰ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੀ ਸ਼ੁਰੂਆਤ ਸਤੰਬਰ 2023 ਵਿਚ ਦਿੱਲੀ ’ਚ ਹੋਏ ਜੀ-20 ਸੰਮੇਲਨ ਦੌਰਾਨ ਹੋਈੇ ਸੀ। ਭਾਰਤ, ਸਾਊਦੀ ਅਰਬ, ਯੂਰਪੀ ਯੂਨੀਅਨ, ਸੰਯੁਕਤ ਅਰਬ ਅਮੀਰਾਤ, ਸੰਯੁਕਤ ਰਾਜ ਅਮਰੀਕਾ ਅਤੇ ਕੁਝ ਹੋਰ ਜੀ-20 ਭਾਈਵਾਲਾਂ ਨੇ ਇਸ ਲਾਂਘੇ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਸਨ।

ਆਈ. ਐੱਮ. ਈ. ਸੀ. ਦੇ ਹੋਂਦ ਵਿਚ ਆਉਣ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕੀਤਾ, ਜਿਸ ਨਾਲ ਪ੍ਰਾਜੈਕਟ ਪ੍ਰਭਾਵਿਤ ਹੋਇਆ। ਦੂਜੇ ਦੇਸ਼ ਇਸ ਵਿਚ ਸ਼ਾਮਲ ਹੋਣ ਤੋਂ ਝਿਜਕ ਰਹੇ ਹਨ ਕਿਉਂਕਿ ਯੁੱਧ ਅਜੇ ਵੀ ਜਾਰੀ ਹੈ।


author

Harpreet SIngh

Content Editor

Related News