ਡੱਬੇ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ 'ਤੇ ਭੜਕੇ ਯਾਤਰੀ, ਟ੍ਰੇਨ ਦੇ ਸ਼ੀਸ਼ੇ ਭੰਨ ਸੁੱਟੇ
Saturday, Dec 21, 2024 - 12:08 AM (IST)
ਲਖਨਊ : ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ 'ਤੇ ਇਕ ਟ੍ਰੇਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਸਨਸਨੀ ਮਚਾ ਦਿੱਤੀ ਹੈ। ਜਿਵੇਂ ਹੀ ਮੁੰਬਈ ਜਾਣ ਵਾਲੀ ਅੰਤੋਦਿਆ ਐਕਸਪ੍ਰੈੱਸ ਬਸਤੀ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਯਾਤਰੀਆਂ ਨੇ ਟ੍ਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਰੇਲ ਗੱਡੀ ਦੀ ਬੋਗੀ ਦੇ ਸਾਰੇ ਦਰਵਾਜ਼ੇ ਅੰਦਰ ਬੈਠੇ ਯਾਤਰੀਆਂ ਵੱਲੋਂ ਬੰਦ ਕਰ ਦਿੱਤੇ ਗਏ ਸਨ ਅਤੇ ਯਾਤਰੀ ਇਨ੍ਹਾਂ ਨੂੰ ਖੋਲ੍ਹਣ ਲਈ ਲਗਾਤਾਰ ਦਰਵਾਜ਼ੇ ਖੜਕਾਉਂਦੇ ਰਹੇ ਪਰ ਅੰਦਰ ਬੈਠੇ ਯਾਤਰੀਆਂ ਨੇ ਦਰਵਾਜ਼ੇ ਨਹੀਂ ਖੋਲ੍ਹੇ।
ਇਸ ਤੋਂ ਬਾਅਦ ਗੁੱਸੇ 'ਚ ਆਏ ਯਾਤਰੀਆਂ ਨੇ ਬੋਗੀ ਦੇ ਸਾਰੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਕਾਫੀ ਦੇਰ ਤੱਕ ਰੇਲ ਗੱਡੀ ਦੀ ਭੰਨਤੋੜ ਕੀਤੀ। ਵਾਇਰਲ ਹੋ ਰਹੀ ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੁੱਸੇ 'ਚ ਆਏ ਯਾਤਰੀ ਪੱਥਰਾਂ ਨਾਲ ਖਿੜਕੀਆਂ ਦੇ ਸ਼ੀਸ਼ੇ ਤੋੜ ਰਹੇ ਹਨ ਅਤੇ ਲੋਹੇ ਦੀ ਗਰਿੱਲ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਭੰਨਤੋੜ ਕਾਫੀ ਦੇਰ ਤੱਕ ਚੱਲਦੀ ਰਹੀ ਪਰ ਨਾ ਤਾਂ ਜੀਆਰਪੀ ਪੁਲਸ ਉੱਥੇ ਨਜ਼ਰ ਆਈ ਅਤੇ ਨਾ ਹੀ ਆਰਪੀਐੱਫ ਨੂੰ ਇਸ ਦੀ ਕੋਈ ਭਿਣਕ ਪਈ।
ਇਹ ਵੀ ਪੜ੍ਹੋ : CM ਯੋਗੀ ਦਾ ਜੇਵਰ ਦੇ ਕਿਸਾਨਾਂ ਨੂੰ ਤੋਹਫ਼ਾ, ਹੁਣ 4300 ਰੁਪਏ ਮੀਟਰ ਦੇ ਹਿਸਾਬ ਨਾਲ ਮਿਲੇਗਾ ਮੁਆਵਜ਼ਾ
ਪੱਥਰਾਂ ਨਾਲ ਗਰਿੱਲਾਂ ਅਤੇ ਸ਼ੀਸ਼ੇ ਭੰਨੇ
ਵੀਰਵਾਰ ਦੇਰ ਰਾਤ ਜਿਵੇਂ ਹੀ ਮੁੰਬਈ ਜਾਣ ਵਾਲੀ ਟਰੇਨ ਨੰਬਰ 15101 ਛਪਰਾ-ਮੁੰਬਈ ਅੰਤੋਦਿਆ ਐਕਸਪ੍ਰੈਸ ਬਸਤੀ ਸਟੇਸ਼ਨ 'ਤੇ ਪਹੁੰਚੀ ਅਤੇ ਯਾਤਰੀਆਂ ਨੇ ਟਰੇਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਟਰੇਨ ਦਾ ਦਰਵਾਜ਼ਾ ਬੰਦ ਪਾਇਆ ਗਿਆ। ਯਾਤਰੀਆਂ ਨੇ ਅੰਦਰ ਬੈਠੇ ਲੋਕਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਅੰਦਰ ਬੈਠੇ ਯਾਤਰੀਆਂ ਨੇ ਗੱਲ ਸੁਣ ਕੇ ਵੀ ਇਸ ਨੂੰ ਅਣਸੁਣਿਆ ਕਰ ਦਿੱਤਾ। ਰੇਲ ਗੱਡੀ ਦਾ ਰੁਕਣ ਦਾ ਸਮਾਂ ਥੋੜ੍ਹੇ ਸਮੇਂ ਲਈ ਹੀ ਰਹਿੰਦਾ ਸੀ, ਜਿਸ ਕਾਰਨ ਯਾਤਰੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਸਟੇਸ਼ਨ 'ਤੇ ਰੱਖੇ ਪੱਥਰਾਂ ਨਾਲ ਦਰਵਾਜ਼ਿਆਂ ਦੀਆਂ ਗਰਿੱਲਾਂ ਅਤੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।
ਅਣਪਛਾਤੇ ਯਾਤਰੀਆਂ ਖ਼ਿਲਾਫ਼ ਐੱਫਆਈਆਰ
ਵਾਇਰਲ ਵੀਡੀਓ 'ਚ ਯਾਤਰੀਆਂ ਨੂੰ ਟਰੇਨ 'ਚ ਚੜ੍ਹਨ ਲਈ ਹਫੜਾ-ਦਫੜੀ ਮਚਾਉਂਦੇ ਦੇਖਿਆ ਜਾ ਸਕਦਾ ਹੈ। ਟਰੇਨ ਦੇ ਅੰਦਰ ਪਹਿਲਾਂ ਹੀ ਭੀੜ ਸੀ, ਇਸ ਲਈ ਸਟੇਸ਼ਨ 'ਤੇ ਮੌਜੂਦ ਹੋਰ ਯਾਤਰੀਆਂ ਨੂੰ ਰੋਕਣ ਲਈ ਅੰਦਰ ਬੈਠੇ ਯਾਤਰੀਆਂ ਨੇ ਕੋਚ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਇਸ ਕਾਰਨ ਬਸਤੀ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ 'ਚ ਚੜ੍ਹਨ ਦੀ ਉਡੀਕ ਕਰ ਰਹੇ ਯਾਤਰੀਆਂ ਨੇ ਗੁੱਸੇ 'ਚ ਆ ਕੇ ਕੋਚ ਦੀ ਭੰਨਤੋੜ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਾਪਤ ਜਾਣਕਾਰੀ ਅਨੁਸਾਰ ਆਰਪੀਐੱਫ ਨੇ ਜਲਦਬਾਜ਼ੀ ਵਿਚ ਰੇਲਵੇ ਐਕਟ 145 ਤਹਿਤ ਅਣਪਛਾਤੇ ਯਾਤਰੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8