ਪੈਸੈਂਜਰ ਟ੍ਰੇਨ ਪਟੜੀ ਤੋਂ ਉਤਰੀ, ਸਟੇਸ਼ਨ ''ਤੇ ਮਚੀ ਹਫੜਾ-ਦਫੜੀ
Saturday, Jun 28, 2025 - 01:10 PM (IST)

ਚੇਨਈ- ਤਮਿਲਨਾਡੂ ਦੇ ਰਾਣੀਪੇਟ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਪੈਸੈਂਜਰ ਟ੍ਰੇਨ ਦੇ ਪਟੜੀ ਤੋਂ ਉਤਰ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਟ੍ਰੇਨ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ, ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਇਹ ਹਾਦਸਾ ਰਾਣੀਪੇਟ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ, ਜਦੋਂ ਟ੍ਰੇਨ ਰਫ਼ਤਾਰ 'ਚ ਸੀ। ਟ੍ਰੈਕ ਦੇ ਇਕ ਹਿੱਸੇ 'ਚ ਤਕਨੀਕੀ ਖਾਮੀ ਕਾਰਨ ਇਹ ਘਟਨਾ ਵਾਪਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦਰਅਸਲ ਟਰੇਨ ਦੇ ਚਿਤੇਰੀ ਸਟੇਸ਼ਨ ਤੋਂ ਰਵਾਨਾ ਹੋਣ ਦੇ ਕੁਝ ਹੀ ਸਮੇਂ ਬਾਅਦ ਪਟੜੀ ਤੋਂ ਉਤਰਨ ਦੀ ਘਟਨਾ ਵਾਪਰੀ। ਚਸ਼ਮਦੀਦਾਂ ਅਤੇ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਲੋਕੋ ਪਾਇਲਟ ਵਲੋਂ ਟਰੇਨ ਨੂੰ ਤੁਰੰਤ ਰੋਕਣ ਤੋਂ ਪਹਿਲਾਂ ਤੇਜ਼ ਆਵਾਜ਼ ਸੁਣੀ ਸੀ। ਮੌਕੇ 'ਤੇ ਰੇਲਵੇ ਅਧਿਕਾਰੀ ਅਤੇ ਰਾਹਤ ਟੀਮਾਂ ਤੁਰੰਤ ਪਹੁੰਚ ਗਈਆਂ ਹਨ। ਟ੍ਰੈਕ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੀਆਂ ਟ੍ਰੇਨਾਂ ਦੀ ਆਵਾਜਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।
ਦੱਖਣੀ ਰੇਲਵੇ ਨੇ ਦੱਸਿਆ ਕਿ ਹਾਦਸੇ ਵਿਚ ਕਿਸੇ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਸਾਰਿਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ। ਘਟਨਾ ਵਾਲੀ ਥਾਂ 'ਤੇ ਮੌਜੂਦ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਨੂੰ ਕੋਈ ਸੱਟ ਜਾਂ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਘਟਨਾ ਨੇ ਰੇਲਵੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਰੇਲਵੇ ਵਲੋਂ ਹਾਦਸੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਤਾਇਨਾਤ ਕਰ ਦਿੱਤੀ ਗਈ ਹੈ।