2022 ਤੱਕ ਮਿਲ ਸਕਦਾ ਹੈ ਨਵੇਂ ਸੰਸਦ ਭਵਨ ਦਾ ਤੋਹਫ਼ਾ ! ਅੱਜ ਤੋਂ ਨਿਰਮਾਣ ਕੰਮ ਸ਼ੁਰੂ

01/15/2021 4:21:22 PM

ਨਵੀਂ ਦਿੱਲੀ- ਨਵੇਂ ਸੰਸਦ ਭਵਨ ਦਾ ਨਿਰਮਾਣ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀ ਮਹੱਤਵਪੂਰਨ ਸੈਂਟਰਲ ਵਿਸਟਾ ਪੁਨਰਵਿਕਾਸ ਯੋਜਨਾ ਦੇ ਅਧੀਨ ਇਕ ਮਹੀਨੇ ਤੋਂ ਵੱਧ ਸਮੇਂ ਪਹਿਲਾਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਨਵਾਂ ਸੰਸਦ ਭਵਨ ਤ੍ਰਿਕੋਣੀ ਆਕਾਰ ਦਾ ਹੋਵੇਗਾ। ਸਾਲ 2022 ’ਚ ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੱਕ ਇਸ ਦੇ ਤਿਆਰ ਹੋਣ ਦੀ ਉਮੀਦ ਹੈ। ਸਰਕਾਰ ਸਾਲ 2022 ਦਾ ਮਾਨਸੂਨ ਸੈਸ਼ਨ ਨਵੇਂ ਭਵਨ ’ਚ ਸ਼ੁਰੂ ਕਰਨਾ ਚਾਹੁੰਦੀ ਹੈ। ਇਕ ਅਧਿਕਾਰੀ ਨੇ ਕਿਹਾ,‘‘ਨਵੇਂ ਸੰਸਦ ਭਵਨ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਭਵਨ ਦਾ ਨਿਰਮਾਣ ਟਾਟਾ ਪ੍ਰਾਜੈਕਟ ਲਿਮਟਿਡ ਦੇ ਅਧੀਨ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ’ਤੇ 971 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਹਫ਼ਤੇ ਦੀ ਸ਼ੁਰੂਆਤ ’ਚ 14 ਮੈਂਬਰੀ ਧਰੋਹਰ ਕਮੇਟੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਇਲਾਵਾ ਉਸ ਨੇ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦਿੱਤੀ ਸੀ।

ਇਹ ਵੀ ਪੜ੍ਹੋ : ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੀ ਬਦਲੇਗੀ ਨੁਹਾਰ, ਮਿਲਣਗੀਆਂ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੀਆਂ ਸਹੂਲਤਾਂ

ਸੁਪਰੀਮ ਕੋਰਟ ਨੇ ਨਿਰਮਾਣ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰ ਨੂੰ ਕਮੇਟੀ ਅਤੇ ਹੋਰ ਸੰਬੰਧਤ ਅਥਾਰਟੀਆਂ ਦੀ ਮਨਜ਼ੂਰੀ ਲੈਣ ਦਾ ਆਦੇਸ਼ ਦਿੱਤਾ ਸੀ। ਨਿਰਮਾਣ ਕੰਮ ਪਹਿਲਾਂ ਇਸ ਲਈ ਸ਼ੁਰੂ ਨਹੀਂ ਹੋ ਸਕਿਆ ਸੀ, ਕਿਉਂਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਤੱਕ ਅਦਾਲਤ ਮਾਮਲੇ ’ਚ ਪੈਂਡਿੰਗ ਪਟੀਸ਼ਨਾਂ ’ਤੇ ਫ਼ੈਸਲਾ ਨਹੀਂ ਲੈ ਲੈਂਦਾ, ਉਦੋਂ ਤੱਕ ਨਾ ਨਿਰਮਾਣ ਅਤੇ ਨਾ ਹੀ ਢਾਹੁਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਟਾਟਾ ਪ੍ਰਾਜੈਕਟਸ ਲਿਮਟਿਡ ਨੇ ਕਿਹਾ ਕਿ ਨਿਰਮਾਣ ਕੰਮ ਸ਼ੁਰੂ ਹੋਣ ’ਚ 35 ਦਿਨ ਦੀ ਦੇਰੀ ਦੇ ਬਾਵਜੂਦ ਉਸ ਨੂੰ ਵਿਸ਼ਵਾਸ ਹੈ ਕਿ ਤੈਅ ਸਮੇਂ ’ਤੇ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ। ਟਾਟਾ ਪ੍ਰਾਜੈਕਟਸ ਲਿਮਟਿਡ ਦੇ ਉੱਪ ਪ੍ਰਧਾਨ ਅਤੇ ਵਣਜ ਇਕਾਈ ਦੇ ਮੁਖੀ ਸੰਦੀਪ ਨਵਲਖੇ ਨੇ ਕਿਹਾ,‘‘ਅਸੀਂ ਪ੍ਰਾਜੈਕਟ ਦਾ ਖਾਕਾ ਤਿਆਰ ਕਰ ਕੇ ਪਹਿਲਾਂ ਹੀ ਅੱਗੇ ਵਧਣ ਲਈ ਤਿਆਰ ਸੀ।’’ ਨਵੇਂ ਭਵਨ ਦਾ ਨਿਰਮਾਣ ਮੌਜੂਦਾ ਭਵਨ ਦੇ ਸਾਹਮਣੇ ਕੀਤਾ ਜਾਵੇਗਾ। ਪੁਰਾਣੇ ਸੰਸਦ ਭਵਨ ਦਾ ਨਿਰਮਾਣ 94 ਸਾਲ ਪਹਿਲਾਂ ਲਗਭਗ 83 ਲੱਖ ਰੁਪਏ ’ਚ ਕੀਤਾ ਗਿਆ ਸੀ। ਨਵੇਂ ਭਵਨ ਦੇ ਨਿਰਮਾਣਤੋਂਬਾਅਦ ਪੁਰਾਣੇ ਭਵਨ ਨੂੰ ਮਿਊਜ਼ੀਅਮ ’ਚ ਤਬਦੀਲ ਕਰ ਦਿੱਤਾ ਜਾਵੇਗਾ। ਨਵੇਂ ਸੰਸਦ ਭਵਨ ’ਚ ਲੋਕ ਸਭਾ ਅਤੇ ਰਾਜ ਸਭਾ ਦੇ ਕਮਰੇ ਵੱਡੇ ਹੋਣਗੇ, ਜਿਸ ’ਚ ਲੋਕ ਸਭਾ ਲਈ 888, ਜਦੋਂਕਿ ਰਾਜ ਸਭਾ ਲਈ 384 ਸੀਟਾਂ ਦੀ ਵਿਵਸਥਾ ਹੋਵੇਗੀ। ਸੰਯੁਕਤ ਸੈਸ਼ਨ ਬੁਲਾਉਣ ਲਈ ਲੋਕ ਸਭਾ ਕਮਰੇ ’ਚ 1,272 ਸੀਟਾਂ ਦੀ ਵਿਵਸਥਾ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


DIsha

Content Editor

Related News