ਦੇਸ਼ ’ਚ ਲੋਕਰਾਜ ‘ਸਾਹ ਲੈਣ’ ਲਈ ਕਰ ਰਿਹਾ ਹੈ ਸੰਘਰਸ਼ : ਚਿਦਾਂਬਰਮ
Monday, Aug 08, 2022 - 10:43 AM (IST)
ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਉਹ ਇਸ ਸਿੱਟੇ ’ਤੇ ਪੁੱਜੇ ਹਨ ਕਿ ਸੰਸਦ ‘ਗੈਰ-ਸਰਗਰਮ’ ਹੋ ਗਈ ਹੈ। ਉਨ੍ਹਾਂ ‘ਭਾਸ਼ਾ’ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਅਦਾਰਿਆਂ ਨੂੰ ਕੰਟਰੋਲ ’ਚ ਕਰ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ’ਤੇ ਕਬਜ਼ਾ ਕਰ ਲਿਆ ਗਿਆ ਹੈ। ਦੇਸ਼ ’ਚ ਲੋਕਰਾਜ ‘ਸਾਹ ਲੈਣ’ ਲਈ ਸੰਘਰਸ਼ ਕਰ ਰਿਹਾ ਹੈ।
ਚਿਦਾਂਬਰਮ ਨੇ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਸੈਸ਼ਨ ਦੇ ਚਾਲੂ ਰਹਿਣ ਦੌਰਾਨ ਈ. ਡੀ. ਵਲੋਂ ਤਲਬ ਕੀਤੇ ਜਾਣ ਤੋਂ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਬਚਾਉਣ ’ਚ ਅਸਫਲ ਰਹੇ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ’ਚ ਉਨ੍ਹਾਂ ਨੇ ਵਧਦੀ ਮਹਿੰਗਾਈ ਵਿਰੁੱਧ ਕਾਂਗਰਸ ਦੇ ਪ੍ਰਦਰਸ਼ਨ ਨੂੰ ਰਾਮ ਮੰਦਿਰ ਦੀ ਨੀਂਹ ਰੱਖੇ ਜਾਣ ਵਾਲੇ ਦਿਨ ਨਾਲ ਜੋੜਿਆ ਸੀ। ਉਨ੍ਹਾਂ ਕਿਹਾ ਕਿ ਇਹ ਤਰੀਕ ਇਸ ਗੱਲ ਨੂੰ ਧਿਆਨ ’ਚ ਰੱਖ ਕੇ ਤੈਅ ਕੀਤੀ ਗਈ ਸੀ ਕਿ ਸ਼ਨੀਵਾਰ ਉੱਪ-ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਕਾਰਨ ਸਭ ਸੰਸਦ ਮੈਂਬਰ ਦਿੱਲੀ ’ਚ ਹੀ ਮੌਜੂਦ ਹੋਣਗੇ।