ਅਡਾਨੀ ਮਾਮਲੇ ਦੀ ਜੇ. ਪੀ. ਸੀ. ਜਾਂਚ ’ਤੇ ਅੜੀ ਵਿਰੋਧੀ ਧਿਰ, ਕੱਢਿਆ ‘ਤਿਰੰਗਾ ਮਾਰਚ’

Friday, Apr 07, 2023 - 11:26 AM (IST)

ਅਡਾਨੀ ਮਾਮਲੇ ਦੀ ਜੇ. ਪੀ. ਸੀ. ਜਾਂਚ ’ਤੇ ਅੜੀ ਵਿਰੋਧੀ ਧਿਰ, ਕੱਢਿਆ ‘ਤਿਰੰਗਾ ਮਾਰਚ’

ਨਵੀਂ ਦਿੱਲੀ, (ਭਾਸ਼ਾ)– ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸੰਸਦ ਦਾ ਬਜਟ ਸੈਸ਼ਨ ਖਤਮ ਹੋਣ ਤੋਂ ਬਾਅਦ ਸੰਸਦ ਭਵਨ ਤੋਂ ਵਿਜੇ ਚੌਕ ਤੱਕ ‘ਤਿਰੰਗਾ ਮਾਰਚ’ ਕੱਢਿਆ। ਕਾਂਗਰਸ ਤੋਂ ਇਲਾਵਾ ਦ੍ਰਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.), ਸਮਾਜਵਾਦੀ ਪਾਰਟੀ (ਸਪਾ), ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਕਾਂਪਾ) ਵਰਗੀਆਂ ਇਕੋ-ਜਿਹੀਆਂ ਵਿਚਾਰਧਾਰਾ ਵਾਲੀਆਂ ਵਿਰੋਧੀ ਪਾਰਟੀਆਂ ਅਤੇ ਖੱਬੇ-ਪੱਖੀ ਦਲਾਂ ਦੇ ਸੰਸਦ ਮੈਂਬਰਾਂ ਨੇ ਸਵੇਰੇ ਲਗਭਗ 11.30 ਵਜੇ ਮਾਰਚ ਸ਼ੁਰੂ ਕੀਤਾ। ਹੱਥਾਂ ’ਚ ਤਿਰੰਗਾ ਲੈ ਕੇ ਇਹ ਸੰਸਦ ‘ਲੋਕਤੰਤਰ ਦੀ ਹੱਤਿਆ ਬੰਦ ਕਰੋ’ ਦੇ ਨਾਅਰੇ ਲਗਾ ਰਹੇ ਸਨ।

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਲੋਕਤੰਤਰ ਨੂੰ ਬਚਾਉਣ ਅਤੇ ਬੋਲਣ ਦਾ ਅਧਿਕਾਰੀ ਬਰਕਰਾਰ ਰੱਖਣ ਦੀ ਲੜਾਈ ਹੈ। ਤਿਰੰਗਾ ਮਾਰਚ ’ਚ ਕਾਂਗਰਸ ਪ੍ਰਧਾਨ ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਤੇ ਵਿਰੋਧੀ ਪਾਰਟੀਆਂ ਦੇ ਹੋਰ ਸੰਸਦ ਮੈਂਬਰ ਸ਼ਾਮਲ ਹੋਏ। ਖੜਗੇ ਨੇ ਮਾਰਚ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਡਾਨੀ ਮਹਾਘੋਟਾਲੇ ’ਤੇ ਮੋਦੀ ਸਰਕਾਰ ਡਰੀ ਹੋਈ ਹੈ, ਇਸ ਲਈ ਉਹ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਦੇ ਗਠਨ ਨਹੀਂ ਕਰਨਾ ਚਾਹੁੰਦੀ ਹੈ। ਕਾਂਗਰਸ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਇਸੇ ਮੰਗ ਨੂੰ ਲੈ ਕੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਤਿਰੰਗਾ ਮਾਰਚ ਕੱਢ ਰਹੇ ਹਨ।

ਉਨ੍ਹਾਂ ਕਿਹਾ,‘ਲੋਕਤੰਤਰ ’ਚ ਲੋਕਤੰਤਰੀ ਢੰਗ ਨਾਲ ਲੜਣ ਸਾਡਾ ਅਧਿਕਾਰ ਹੈ। ਜੇ ਸਰਕਾਰ ਇਹ ਨਹੀਂ ਮੰਨਦੀ ਤਾਂ ਉਹ ਜ਼ਿੱਦਬਾਜ਼ੀ ਹੈ। ਜੇ ਤੁਸੀਂ ਲੋਕਤੰਤਰ ਨੂੰ ਜਿਊਂਦਾ ਰੱਖਣਾ ਚਾਹੁੰਦੇ ਹੋ ਤਾਂ ਵਿਰੋਧੀ ਧਿਰ ਦੀ ਗੱਲ ਵੀ ਸੁਣਨੀ ਚਾਹੀਦੀ। ਖੜਗੇ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਅਡਾਨੀ ਕਿਨ੍ਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ, ਉਦਯੋਗਪਤੀਆਂ ਨੂੰ ਮਿਲੇ ਹਨ? ਉਨ੍ਹਾਂ ਨੂੰ ਸਰਕਾਰ ਦੀ ਮਦਦ ਨਾਲ ਕਿਹੜੇ ਆਰਡਰ ਮਿਲੇ ਹਨ? ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਘੋਟਾਲੇ ’ਤੇ ਸਰਕਾਰ ਨੂੰ ਸਵਾਲ ਕੀਤਾ ਪਰ ਸਰਕਾਰ ਮੁੱਦੇ ਤੋਂ ਧਿਆਨ ਭਟਕਾਉਣ ’ਚ ਲੱਗੀ ਹੈ।’

ਖੜਗੇ ਨੇ ਕਿਹਾ,‘ਮੋਦੀ ਸਰਕਾਰ ਸਿਰਫ ਲੋਕਤੰਤਰ ਦੀਆਂ ਗੱਲਾਂ ਕਰਦੀ ਹੈ ਪਰ ਜੋ ਕਹਿੰਦੀ ਹੈ, ਉਹ ਕਰਦੀ ਨਹੀਂ ਹੈ। ਸਰਕਾਰ ਨੇ 50 ਲੱਖ ਕਰੋੜ ਦਾ ਬਜਟ ਸਿਰਫ 12 ਮਿੰਟਾਂ ’ਚ ਪਾਸ ਕਰ ਦਿੱਤਾ ਅਤੇ ਕਹਿੰਦੀ ਰਹੀ ਕਿ ਵਿਰੋਧੀ ਧਿਰ ਹੰਗਾਮਾ ਕਰ ਰਹੀ ਹੈ। ਅਜਿਹਾ ਪਹਿਲੀ ਵਾਰ ਹੋਇਆ, ਜਦ ਸੰਸਦ ਨੂੰ ਸਰਕਾਰ ਨੇ ਨਹੀਂ ਚੱਲਣ ਦਿੱਤਾ।

ਜ਼ਿਕਰਯੋਗ ਹੈ ਕਿ ਕੇਰਲ ਦੀ ਵਾਇਨਾਡ ਸੰਸਦੀ ਸੀਟ ਦੀ ਨੁਮਾਇੰਦਗੀ ਕਰ ਰਹੇ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਵੱਲੋਂ ਸਾਲ 2019 ਦੇ ਮਾਣਹਾਨੀ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੇ 2 ਸਾਲਾਂ ਦੀ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਪਿਛਲੇ ਦਿਨੀਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾ ਦਿੱਤਾ ਸੀ। ਲੰਘੀ 13 ਮਾਰਚ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਅਜਲਾਸ ਦੇ ਦੂਜੇ ਪੜਾਅ ’ਚ ਵਿਰੋਧੀ ਅਤੇ ਸੱਤਾ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ’ਚ ਵਰ-ਵਾਰ ਰੁਕਾਵਟ ਪਈ ਹੈ। ਵਿਰੋਧੀ ਪਾਰੀਟਆਂ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਜੇ. ਪੀ. ਸੀ. ਗਠਿਤ ਕਰਨ ਦੀ ਮੰਗ ’ਤੇ ਅੜੇ ਹੋਏ ਸਨ। ਦੂਜੇ ਪਾਸੇ ਸੱਤਾ ਧਿਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਲੰਡਨ ’ਚ ਦਿੱਤੇ ਗਏ ਇਕ ਬਿਆਨ ਨੂੰ ਲੈ ਕੇ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ ਸੀ।

ਬਜਟ ਅਜਲਾਸ ਦੇ ਆਖਰੀ ਦਿਨ ਵਿਰੋਧੀ ਧਿਰ ਨੇ ਦਿਖਾਈ ਇਕਜੁੱਟਤਾ

ਕਾਂਗਰਸ, ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.), ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਬਜਟ ਅਜਲਾਸ ਦੇ ਆਖਰੀ ਦਿਨ ਇਕਜੁੱਟਤਾ ਦਿਖਾਉਂਦੇ ਹੋਏ ਅੱਗੇ ਵੀ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਅਤੇ ਦੋਸ਼ ਲਗਾਇਆ ਕਿ ਇਸ ਸੈਸ਼ਨ ’ਚ ਕਾਰਵਾਈ ਰੁਕੀ ਰਹਿਣ ਲਈ ਪੂਰੀ ਤਰ੍ਹਾਂ ਸਰਕਾਰ ਜ਼ਿੰਮੇਵਾਰ ਹੈ। ਵਿਰੋਧੀ ਪਾਰਟੀਆਂ ਨੇ ਇਹ ਦਾਅਵਾ ਵੀ ਕੀਤਾ ਕਿ ਜੇ ਸਰਕਾਰ ਦਾ ਇਹੀ ਰੁਖ ਰਿਹਾ ਤਾਂ ਲੋਕਤੰਤਰ ਖਤਮ ਹੋ ਜਾਵੇਗਾ ਅਤੇ ਦੇਸ਼ ਤਾਨਾਸ਼ਾਹੀ ਵੱਲ ਵਧ ਜਾਵੇਗਾ। ਕਾਂਗਰਸ ਦਾ ਕਹਿਣਾ ਹੈ ਕਿ 19 ਵਿਰੋਧੀ ਪਾਰੀਟਆਂ ਇਕੱਠੀਆਂ ਆਈਆਂ ਹਨ। ਵਿਰੋਧੀ ਧਿਰ ਦੀ ਇਕਜੁੱਟਤਾ ਹੋਣ ’ਤੇ ਲੀਡਰਸ਼ਿਪ ਨਾਲ ਜੁੜੇ ਸਵਾਲ ’ਤੇ ਬੀ. ਆਰ. ਐੱਸ. ਦੇ ਸੀਨੀਅਰ ਨੇਤਾ ਕੇ. ਕੇਸ਼ਵ ਰਾਓ ਨੇ ਕਿਹਾ ਕਿ ਲੀਡਰਸ਼ਿਪ ਕੋਈ ਵਿਅਕਤੀ ਹੀ ਕਰੇਗਾ ਪਰ ਇਹ ਵਿਚਾਰਧਾਰਾਵਾਂ ਦੇ ਮਿਲਨ ਅਤੇ ਪ੍ਰੋਗਰਾਮ ’ਤੇ ਆਧਾਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਦਲਾਂ ਅੱਗੇ ਵਿਰੋਧੀ ਧਿਰ ਇਕਜੁੱਟਤਾ ਨੂੰ ਲੈ ਕੇ ਸਹਿਮਤ ਹੈ ਪਰ ਇਸ ਦਾ ਕੀ ਰੂਪ ਹੋਵੇਗਾ, ਇਹ ਭਵਿੱਖ ’ਚ ਪਤਾ ਲੱਗੇਗਾ। ਡੀ. ਐੱਮ. ਕੇ. ਨੇਤਾ ਟੀ. ਆਰ. ਬਾਲੂ ਨੇ ਵੀ ਕਿਹਾ ਕਿ ਵਿਰੋਧੀ ਧਿਰ ਹੁਣ ਇਕਜੁੱਟ ਹੋ ਕੇ ਕੰਮ ਕਰੇਗੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੱਤਾ ਧਿਰ ਰਾਹੁਲ ਗਾਂਧੀ ਤੋਂ ਡਰੀ ਹੋਈ ਹੈ।


author

Rakesh

Content Editor

Related News