ਦਿੱਲੀ ਦੇ ਗੁਮਨਾਮ ਸੁਤੰਤਰਤਾ ਸੈਨਾਨੀਆਂ ਦੇ ਨਾਂ ''ਤੇ ਰੱਖੇ ਜਾਣਗੇ ਪਾਰਕਾਂ ਦੇ ਨਾਮ
Tuesday, Apr 05, 2022 - 01:51 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਪਾਰਕਾਂ ਦੇ ਨਾਮ ਜਲਦ ਹੀ ਦਿੱਲੀ ਦੇ ਗੁਮਨਾਮ ਸੁਤੰਤਰਤਾ ਸੈਨਾਨੀਆਂ ਦੇ ਨਾਮ 'ਤੇ ਰੱਖੇ ਜਾਣਗੇ। ਅਜਿਹਾ ਉਨ੍ਹਾਂ ਦੇ ਪ੍ਰਤੀ ਸਨਮਾਨ ਦਰਸਾਉਣ ਅਤੇ ਉਨ੍ਹਾਂ ਦੇ ਬਲੀਦਾਨ ਨੂੰ ਸਵੀਕਾਰ ਕਰਨ ਲਈ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਨੇ ਦਿੱਲੀ ਸਰਕਾਰ ਨੂੰ 16 ਪਾਰਕਾਂ ਦੀ ਸੂਚੀ ਭੇਜੀ ਹੈ ਅਤੇ ਇਨ੍ਹਾਂ ਦੇ ਨਾਮ ਲਾਲ ਹਰਦਿਆਲ, ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ, ਜਨਰਲ ਸ਼ਾਹਨਾਵਾਜ਼ ਖਾਨ, ਗੋਬਿੰਦ ਬੇਹਰੀ ਲਾਲ, ਕਰਨਲ ਪ੍ਰੇਮ ਸਹਿਗਲ ਅਤੇ ਬਸੰਤ ਕੁਮਾਰ ਬਿਸਵਾਸ ਵਰਗੇ ਸੁਤੰਤਰਤਾ ਸੈਨਾਨੀਆਂ ਦੇ ਨਾਮ 'ਤੇ ਰੱਖਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਦੇ ਅਧੀਨ ਪਿਛਲੇ ਸਾਲ ਦਸੰਬਰ 'ਚ ਅਜਿਹੇ ਸੁਤੰਤਰਤਾ ਸੈਨਾਨੀਆਂ ਦੇ ਨਾਮ 'ਤੇ ਪਾਰਕਾਂ ਦਾ ਨਾਮ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ, ਜਿਨ੍ਹਾਂ ਦੇ ਯੋਗਦਾਨ ਬਾਰੇ ਲੋਕ ਆਮ ਤੌਰ 'ਤੇ ਨਹੀਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪਾਰਕਾਂ ਦਾ ਨਾਮ ਸੁਤੰਤਰਤਾ ਸੈਨਾਨੀਆਂ ਦੇ ਨਾਮ 'ਤੇ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਲਈ ਰਾਜ ਨਾਮਕਰਨ ਕਮੇਟੀ ਦੇ ਸਾਹਮਣੇ ਰੱਖਿਆ ਜਾਵੇਗਾ। ਅਧਿਕਾਰੀਆਂ ਅਨੁਸਾਰ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਪਾਰਕ 'ਚ ਪੱਟੀ ਲਗਾਈ ਜਾਵੇਗੀ, ਜਿਸ 'ਤੇ ਉਸ ਸੁਤੰਤਰਤਾ ਸੈਨਾਨੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਰਜ ਹੋਵੇਗੀ, ਜਿਸ ਦੇ ਨਾਮ 'ਤੇ ਪਾਰਕ ਦਾ ਨਾਮ ਰੱਖਿਆ ਗਿਆ ਹੈ।