ਕੋਲਕਾਤਾ ਰੇਪ ਤੇ ਕਤਲ ਮਾਮਲੇ ''ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
Monday, Aug 19, 2024 - 05:29 AM (IST)
ਨੈਸ਼ਨਲ ਡੈਸਕ- ਬੀਤੇ ਕਈ ਦਿਨਾਂ ਤੋਂ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਬੇਸਮੈਂਟ 'ਚ ਨਾਈਟ ਡਿਊਟੀ ਦੌਰਾਨ ਇਕ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਦਾ ਮਾਮਲਾ ਪੂਰੇ ਦੇਸ਼ 'ਚ ਭਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਹਰ ਕੋਈ ਬੰਗਾਲ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਿਰ ਕਰ ਰਿਹਾ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ।
ਇਸੇ ਦੌਰਾਨ ਮਾਮਲੇ 'ਚ ਮ੍ਰਿਤਕ ਮਹਿਲਾ ਡਾਕਟਰ ਦੇ ਪਿਤਾ ਦਾ ਬਿਆਨ ਸਾਹਮਣੇ ਆ ਰਿਹਾ ਹੈ, ਜਿਸ 'ਚ ਉਹ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਮਮਤਾ ਸਰਕਾਰ 'ਤੇ ਨਿਸ਼ਾਨਾ ਵਿਨ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਦਾਅਵੇ ਕਰਦੇ ਆ ਰਹੇ ਹਨ ਤੇ ਸਭ ਨੂੰ ਇਕਜੁੱਟ ਹੋਣ ਲਈ ਵੀ ਕਹਿ ਰਹੇ ਹਨ, ਪਰ ਫ਼ਿਰ ਉਹ ਉਨ੍ਹਾਂ ਲੋਕਾਂ ਨੂੰ ਜੇਲ੍ਹਾਂ 'ਚ ਕਿਉਂ ਸੁੱਟ ਰਹੇ ਹਨ, ਜੋ ਸੜਕਾਂ 'ਤੇ ਉਤਰ ਕੇ ਉਸ ਦੀ ਧੀ ਨੂੰ ਇਨਸਾਫ਼ ਦਿਵਾਉਣ ਲਈ ਗੁਹਾਰ ਲਗਾ ਰਹੇ ਹਨ। ਉਨ੍ਹਾਂ ਕਿਹਾ, ''ਮੁੱਖ ਮੰਤਰੀ ਜੋ ਕਰ ਰਹੇ ਹਨ, ਅਸੀਂ ਉਸ ਨਾਲ ਸੰਤੁਸ਼ਟ ਨਹੀਂ ਹਾਂ।''
ਇਹ ਵੀ ਪੜ੍ਹੋ- ਮੌਤ ਕਦੋਂ, ਕਿੱਥੇ ਤੇ ਕਿਵੇਂ ਆ ਜਾਵੇ, ਕੌਣ ਜਾਣਦੈ ? ਜਗਰਾਤੇ ਦੌਰਾਨ ਹੀ ਭਜਨ ਗਾਇਕ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ
ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਸਮੇਂ ਹਾਲੇ 3 ਲਾਸ਼ਾਂ ਦਾ ਸਸਕਾਰ ਕੀਤਾ ਜਾਣਾ ਸੀ, ਪਰ ਉਨ੍ਹਾਂ ਦੀ ਇਕਲੌਤੀ ਧੀ ਦਾ ਸਸਕਾਰ ਸਭ ਤੋਂ ਪਹਿਲਾਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਤਾਂ ਉਹ ਆਪਣੀ ਇਕਲੌਤੀ ਔਲਾਦ ਨੂੰ ਗੁਆ ਦੇਣ ਕਾਰਨ ਡੂੰਘੇ ਸਦਮੇ 'ਚ ਸਨ, ਜਿਸ ਕਾਰਨ ਉਹ ਕੁਝ ਸਮਝ ਹੀ ਨਾ ਸਕੇ ਕਿ ਇਹ ਹੋ ਕੀ ਰਿਹਾ ਹੈ। ਹੁਣ ਕੁਝ ਸੰਭਲਣ 'ਤੇ ਉਨ੍ਹਾਂ ਨੂੰ ਸ਼ੱਕ ਹੋ ਰਿਹਾ ਹੈ ਕਿ ਕਿਤੇ ਉਹ ਸਬੂਤ ਮਿਟਾਉਣ ਦੀ ਸਾਜ਼ਿਸ਼ ਤਹਿਤ ਤਾਂ ਨਹੀਂ ਕੀਤਾ ਗਿਆ ?
ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕੁਝ ਵੀ ਪਤਾ ਨਹੀਂ ਲੱਗਿਆ। ਜਿਸ ਚੈਸਟ ਮੈਡੀਸਿਨ ਵਿਭਾਗ 'ਚ ਉਨ੍ਹਾਂ ਦੀ ਧੀ ਪੜ੍ਹਦੀ ਸੀ, ਉਸ ਵਿਭਾਗ ਵੱਲੋਂ ਵੀ ਉਨ੍ਹਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਦੇ ਕਤਲ 'ਚ ਪੂਰਾ ਵਿਭਾਗ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ- ਜ਼ਮੀਨ ਵਿਕਣ ਦਾ ਦੁੱਖ ਨਾ ਸਹਿ ਸਕਿਆ ਕਿਸਾਨ, ਅੰਤ ਦੁਖ਼ੀ ਹੋ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਇਸ ਪਿੱਛੋਂ ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਮੌਕੇ ਉਨ੍ਹਾਂ ਦੇ ਨਾਲ ਖੜ੍ਹਾ ਹਰੇਕ ਇਨਸਾਨ ਉਨ੍ਹਾਂ ਦਾ ਧੀ-ਪੁੱਤ ਹੈ। ਉਨ੍ਹਾਂ ਸੀ.ਬੀ.ਆਈ. ਦੀ ਕਾਰਵਾਈ 'ਤੇ ਸੰਤੁਸ਼ਟੀ ਜਤਾਈ ਤੇ ਕਿਹਾ ਕਿ ਉਮੀਦ ਹੈ ਸੀ.ਬੀ.ਆਈ. ਜਲਦ ਹੀ ਇਸ ਮਾਮਲੇ 'ਚ ਸਫ਼ਲਤਾ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਪੁਲਸ ਨੇ ਹੁਣ ਤੱਕ 1 ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਸਿਵਲ ਟ੍ਰੈਫਿਕ ਪੁਲਸ ਵਾਲੰਟੀਅਰ ਸੰਜੇ ਰਾਏ ਵਜੋਂ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e