ਪੰਡੋਹ ਡੈਮ ਤੋਂ ਵਾਧੂ ਪਾਣੀ ਬਿਆਸ ਦਰਿਆ ''ਚ ਛੱਡਿਆ

08/19/2018 1:06:53 PM

ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਭਾਰੀ ਮੀਂਹ ਕਾਰਨ ਚੌਕਸੀ ਵਜੋਂ ਪੰਡੋਹ ਡੈਮ ਤੋਂ ਵਾਧੂ ਪਾਣੀ ਬਿਆਸ ਦਰਿਆ ਵਿਚ ਛੱਡ ਦਿੱਤਾ ਹੈ, ਜੋ ਪੌਂਗ ਡੈਮ ਤੋਂ ਉਪਰਲੀ ਜਲਧਾਰਾ ਵਿਚ 112 ਕਿਲੋਮੀਟਰ ਦੂਰ ਸਥਿਤ ਹੈ। ਇਸ ਕਾਰਨ ਬਿਆਸ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ।
ਪੰਡੋਹ ਡੈਮ ਤੋਂ ਵਾਧੂ ਪਾਣੀ ਬਿਆਸ ਰਾਹੀਂ ਪੌਂਗ ਡੈਮ ਵੱਲ ਅਤੇ ਆਮ ਹਾਲਾਤ ਵਿਚ ਪਾਣੀ ਸਤਲੁਜ ਵਿਚ ਛੱਡਿਆ ਜਾਂਦਾ ਹੈ। ਸਤਲੁਜ ਰਾਹੀਂ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਪੁੱਜਦਾ ਹੈ। ਪੰਡੋਹ ਡੈਮ ਦੀ ਉਪਰਲੀ ਜਲਧਾਰਾ ਵਿਚ ਲਾਰਜੀ ਡੈਮ ਤੋਂ ਵੀ ਵਾਧੂ ਪਾਣੀ ਛੱਡਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਫ਼ੈਸਲਾ ਬਿਆਸ ਦੀ ਮੁੱਖ ਸਹਾਇਕ ਨਦੀ ਪਾਰਵਤੀ ਵਿਚ ਪਾਣੀ ਦਾ ਵਹਾਅ ਵਧਣ ਕਾਰਨ ਕੀਤਾ ਗਿਆ ਹੈ, ਜੋ ਆਪਣੇ ਕੈਚਮੈਂਟ ਇਲਾਕੇ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਭਾਰੀ ਬਾਰਸ਼ਾਂ ਕਾਰਨ ਉਛਾਲ਼ 'ਤੇ ਹੈ। ਇਸ ਕਾਰਨ ਮਨੀਕਰਨ ਵਾਦੀ ਅਤੇ ਉਪਰਲੇ ਮਨਾਲੀ ਕਸਬੇ ਦੇ ਢੁੰਡੀ ਵਿਚ ਹੜ੍ਹ ਆਉਣ ਦੀਆਂ ਵੀ ਰਿਪੋਰਟਾਂ ਹਨ, ਪਰ ਇਸ ਕਾਰਨ ਕਿਸੇ ਜਾਨੀ ਨੁਕਾਸਨ ਦੀ ਖ਼ਬਰ ਨਹੀਂ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਨ ਪੌਂਗ ਤੇ ਭਾਖੜਾ ਡੈਮਾਂ ਵੱਲ ਪਾਣੀ ਦਾ ਵਹਾਅ ਵਧਿਆ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਨ੍ਹਾਂ ਡੈਮਾਂ ਵਿਚ ਅਜੇ ਵੀ ਵਾਧੂ ਪਾਣੀ ਸੰਭਾਲਣ ਜੋਗੀ ਸਮਰੱਥਾ ਹੈ। ਖਬਰਾਂ ਮੁਤਾਬਕ ਸੂਬੇ ਦੇ ਕਿੰਨੌਰ, ਸ਼ਿਮਲਾ, ਕੁੱਲੂ, ਮੰਡੀ, ਬਿਲਾਸਪੁਰ ਤੇ ਸਿਰਮੌਰ ਜ਼ਿਲ੍ਹਿਆਂ ਵਿਚ ਸਤੁਲਜ, ਬਿਆਸ ਤੇ ਯਮੁਨਾ ਦਰਿਆ ਉਛਾਲੇ ਮਾਰ ਰਹੇ ਹਨ। ਉਨ੍ਹਾਂ ਕਿਹਾ, ''ਇਸ ਕਾਰਨ ਦਰਿਆਵਾਂ ਕੰਢੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾ ਦਿੱਤਾ ਗਿਆ ਹੈ।'' ਇਸ ਦੌਰਾਨ ਹਮੀਰਪੁਰ ਜ਼ਿਲ੍ਹੇ ਦੇ ਖੇੜੀ ਕਸਬੇ ਵਿਚ ਸਭ ਤੋਂ ਵੱਧ 65 ਮਿਲੀਮੀਟਰ, ਧਰਮਸ਼ਾਲਾ ਵਿਚ 53, ਕਸੌਲੀ ਵਿਚ 34 ਤੇ ਡਲਹੌਜ਼ੀ ਵਿਚ 32 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਹੈ। ਚੰਬਾ ਜ਼ਿਲ੍ਹੇ ਵਿਚ ਵੀ ਕੁਝ ਥਾਈਂ ਭਾਰੀ ਮੀਂਹ ਪੈਣ ਦੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਸੋਮਵਾਰ ਤੱਕ ਮੀਂਹ ਵਾਲੇ ਹਾਲਾਤ ਬਣੇ ਰਹਿਣਗੇ।
 


Related News