ਖੇਲੋ ਇੰਡੀਆ ਯੂਥ ਗੇਮਜ਼ ਦਾ ਆਗਾਜ਼ ਅੱਜ, ਪੁਲਸ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ

06/04/2022 4:47:40 PM

ਚੰਡੀਗੜ੍ਹ (ਉਮੰਗ): ‘ਖੇਲੋ ਇੰਡੀਆ ਯੂਥ ਖੇਡਾਂ-2021’ ਅੱਜ ਸ਼ਾਮ 7.30 ਵਜੇ ਸ਼ੁਰੂ ਹੋਣਗੀਆਂ। ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਚਕੂਲਾ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਪੋਰਟਸ ਸਟੇਡੀਅਮ ਪਹੁੰਚਣਗੇ। ਪੁਲਸ ਨੇ ਇਸ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। 5 ਸ਼ਹਿਰਾਂ-ਪੰਚਕੂਲਾ, ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ’ਚ 25 ਖੇਡਾਂ ਕਰਵਾਈਆਂ ਜਾਣਗੀਆਂ। ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਮੁੱਖ ਸਥਾਨ ਹੋਵੇਗਾ। ਇੱਥੇ ਕਰੀਬ 7 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।

PunjabKesari

ਇਹ ਰਸਤਾ ਹੈ, ਅੱਜ ਇਨ੍ਹਾਂ ਰਾਹਾਂ ਤੋਂ ਨਾ ਲੰਘੋ
ਪੰਚਕੂਲਾ ਪੁਲਸ ਵੱਲੋਂ ਵੀ.ਵੀ.ਆਈ.ਪੀ ਰੂਟ ਬਣਾਇਆ ਗਿਆ ਹੈ, ਜਿਸ ਵਿਚ ਪੁਰਾਣਾ ਪੰਚਕੂਲਾ ਤੋਂ ਜ਼ੀਰਕਪੁਰ ਹਾਈਵੇਅ (ਤਾਊ ਦੇਵੀ ਲਾਲ ਸਟੇਡੀਅਮ ਸੈਕਟਰ 3 ਤੋਂ ਜਾਣ ਵਾਲਾ), ਮਾਜਰੀ ਚੌਕ ਤੋਂ ਜ਼ੀਰਕਪੁਰ ਵਾਲੀ ਸਾਈਡ ਅੰਦਰਲੀ ਸੜਕ, ਟਰੈਫ਼ਿਕ ਲਾਈਟ ਪੁਆਇੰਟ ਸੈਕਟਰ 3 ਤੋਂ ਤਾਊ ਦੇਵੀ ਲਾਲ ਸਟੇਡੀਅਮ ਨੂੰ ਜਾਣ ਵਾਲੀ ਸੜਕ ਸ਼ਾਮਲ ਹੈ। ਪੁਰਾਣਾ ਡੰਪਿੰਗ ਗਰਾਊਂਡ ਸੈਕਟਰ 23 ਚੌਕ ਵਾਲਾ ਪਾਸਾ ਸ਼ਾਮਲ ਹੈ। ਇਹ ਰੂਟ ਸ਼ਾਮ 4 ਵਜੇ ਤੋਂ ਰਾਤ 9.30 ਵਜੇ ਤੱਕ ਜਾਰੀ ਰਹੇਗਾ। ਅਜਿਹੇ 'ਚ ਪੰਚਕੂਲਾ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਰਸਤਿਆਂ ਦੀ ਵਰਤੋਂ ਨਾ ਕਰਨ ਅਤੇ ਹੋਰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

ਖੇਡ ਮੇਲਾ 13 ਜੂਨ ਤੱਕ ਚੱਲੇਗਾ
ਖੇਲੋ ਇੰਡੀਆ ਯੂਥ ਗੇਮਜ਼ 4 ਤੋਂ 13 ਜੂਨ ਤੱਕ ਚੱਲਣਗੀਆਂ, ਜਿਸ ਨੂੰ ਲੈ ਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਦਾਨ 'ਤੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਰੋਜ਼ਾਨਾ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਏ ਜਾਣਗੇ।

250 ਕਰੋੜ ਦਾ ਆਯੋਜਨ
ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸਾਂਝੇ ਤੌਰ 'ਤੇ 'ਖੇਲੋ ਇੰਡੀਆ ਯੂਥ ਗੇਮਜ਼-2021' ਦੇ ਚੌਥੇ ਐਡੀਸ਼ਨ ਦਾ ਆਯੋਜਨ ਕਰ ਰਹੇ ਹਨ। ਇਸ ਤਹਿਤ ਖੇਡਾਂ ਦੇ ਆਯੋਜਨ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਰਾਸ਼ੀ ਵਿਚੋਂ 139 ਕਰੋੜ ਰੁਪਏ ਨਵੇਂ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਪੁਰਾਣੇ ਬੁਨਿਆਦੀ ਢਾਂਚੇ ਦੇ ਸੁਧਾਰ 'ਤੇ ਖਰਚ ਕੀਤੇ ਗਏ ਹਨ।


Tanu

Content Editor

Related News