ਧੋਖੇ ਨਾਲ ਵਿਆਹ ਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ’ਚ ਪਾਕਿਸਤਾਨੀ ਵਿਅਕਤੀ ਗ੍ਰਿਫ਼ਤਾਰ
Tuesday, Aug 19, 2025 - 03:24 AM (IST)

ਹੈਦਰਾਬਾਦ - ਹੈਦਰਾਬਾਦ ਦੇ ਬੰਜਾਰਾ ਹਿਲਜ਼ ਸਥਿਤ ਮਾਊਂਟ ਬੰਜਾਰਾ ਕਾਲੋਨੀ ’ਚ ਇਕ ਪਾਕਿਸਤਾਨੀ ਵਿਅਕਤੀ ਫਹਿਦ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਉਸ ਦੀ ਪਤਨੀ ਕੀਰਥੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ, ਜਿਸ ਨੇ ਫਹਿਦ ’ਤੇ ਜ਼ਬਰਦਸਤੀ ਧਰਮ ਪਰਿਵਰਤਨ, ਵਿਆਹ ਅਤੇ ਵਿਸ਼ਵਾਸਘਾਤ ਦਾ ਦੋਸ਼ ਲਾਇਆ ਹੈ। ਕੀਰਥੀ ਨੇ ਦਾਅਵਾ ਕੀਤਾ ਕਿ ਫਹਿਦ ਨੇ 2016 ਵਿਚ ਉਸ ਨਾਲ ਵਿਆਹ ਕਰਨ ਲਈ ਉਸ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਅਤੇ ਉਸ ਦਾ ਨਾਂ ਬਦਲ ਕੇ ਦੋਹਾ ਫਾਤਿਮਾ ਰੱਖ ਦਿੱਤਾ।
1998 ਵਿਚ ਪਾਕਿਸਤਾਨ ਤੋਂ ਭਾਰਤ ਪਹੁੰਚਿਆ ਸੀ ਮੁਲਜ਼ਮ
ਪੁਲਸ ਦੇ ਅਨੁਸਾਰ ਕੀਰਥੀ ਨੂੰ ਹਾਲ ਹੀ ਵਿਚ ਪਤਾ ਲੱਗਾ ਕਿ ਫਹਿਦ ਦਾ ਉਸ ਦੀ ਕੰਪਨੀ ਵਿਚ ਕੰਮ ਕਰਨ ਵਾਲੀ ਇਕ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸੀ। ਕੀਰਥੀ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਹਿਦ ਅਤੇ ਉਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੀਰਥੀ ਨੇ ਕਿਹਾ ਕਿ ਫਹਿਦ 1998 ਵਿਚ ਪਾਕਿਸਤਾਨ ਤੋਂ ਭਾਰਤ ਆਇਆ ਸੀ ਅਤੇ ਹੈਦਰਾਬਾਦ ਵਿਚ ਰਹਿਣ ਲੱਗ ਪਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਫਹਿਦ ਪਾਸਪੋਰਟ ਨਵੀਨੀਕਰਨ ਲਈ ਰੋਜ਼ਾਨਾ ਕਮਿਸ਼ਨਰ ਦਫ਼ਤਰ ਜਾਂਦਾ ਸੀ ਪਰ ਉਸ ਤੋਂ ਜਾਣਕਾਰੀ ਲੁਕਾਉਂਦਾ ਰਿਹਾ। ਕੀਰਥੀ ਨੇ ਹੁਣ ਫਹਿਦ ਨੂੰ ਤਲਾਕ ਦੇਣ ਅਤੇ ਦੁਬਾਰਾ ਹਿੰਦੂ ਧਰਮ ਅਪਣਾਉਣ ਦਾ ਫੈਸਲਾ ਕੀਤਾ ਹੈ। ਮੀਡੀਆ ਨਾਲ ਗੱਲ ਕਰਦਿਆਂ ਕੀਰਥੀ ਨੇ ਕਿਹਾ ਕਿ ਪਹਿਲੇ ਤਲਾਕ ਤੋਂ ਬਾਅਦ ਮੈਂ ਟੁੱਟ ਗਈ ਸੀ ਅਤੇ ਆਪਣੀ ਬੇਟੀ ਲਈ ਇਕ ਸਹਾਰਾ ਲੱਭ ਰਹੀ ਸੀ। ਫਹਿਦ ਨੇ ਮੇਰੀ ਸਥਿਤੀ ਦਾ ਫਾਇਦਾ ਉਠਾਇਆ ਅਤੇ ਮੈਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਪਾਕਿਸਤਾਨੀ ਹੈ। ਹਾਲ ਹੀ ਵਿਚ ਮੈਨੂੰ ਉਸ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਮੈਂ ਇਹ ਕਦਮ ਚੁੱਕਿਆ।
ਭਾਜਪਾ ਨੇ ਮਾਮਲੇ ਨੂੰ ਦੱਸਿਆ ‘ਵੋਟ ਜਿਹਾਦ’
ਲੰਗਰਹਾਊਸ ਪੁਲਸ ਸਟੇਸ਼ਨ ਦੇ ਇੰਸਪੈਕਟਰ ਬੀ. ਵੈਂਕਟ ਰਮੁਲੂ ਨੇ ਕਿਹਾ ਕਿ ਕੀਰਥੀ ਦੀ ਸ਼ਿਕਾਇਤ ਦੇ ਆਧਾਰ ’ਤੇ ਫਹਿਦ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਚੱਲ ਰਹੀ ਹੈ ਅਤੇ ਇਸ ਦੇ ਪੂਰਾ ਹੋਣ ਤੋਂ ਬਾਅਦ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੇ ਰਾਜਨੀਤਿਕ ਮੋੜ ਵੀ ਲੈ ਲਿਆ ਹੈ।
ਭਾਜਪਾ ਨੇਤਾ ਮਾਧਵੀ ਲਤਾ ਨੇ ਇਸ ਨੂੰ ‘ਵੋਟ ਜਿਹਾਦ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਹਜ਼ਾਰਾਂ ਰੋਹਿੰਗਿਆ ਪਰਿਵਾਰ ਹੈਦਰਾਬਾਦ ਸੰਸਦੀ ਹਲਕੇ ਵਿਚ ਆਧਾਰ ਅਤੇ ਵੋਟਰ ਆਈ.ਡੀ. ਵਰਗੇ ਦਸਤਾਵੇਜ਼ਾਂ ਨਾਲ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਰਾਜਨੀਤਿਕ ਸਮਰਥਨ ਤੋਂ ਬਿਨਾਂ ਇਹ ਕਿਵੇਂ ਸੰਭਵ ਹੈ।