ਭਾਰਤ ਤੇ ਅਮਰੀਕਾ ਨੇ ਸਪੱਸ਼ਟ ਕਿਹਾ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰੇ ਪਾਕਿ

Thursday, Oct 26, 2017 - 08:37 AM (IST)

ਨਵੀਂ ਦਿੱਲੀ — ਆਪਣੇ ਸਪੱਸ਼ਟ ਸੰਦੇਸ਼ 'ਚ ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ  ਨੂੰ ਕਿਹਾ ਹੈ ਕਿ ਉਹ ਆਪਣੀ ਧਰਤੀ 'ਤੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰੇ।
ਇੱਥੇ ਵਿਸਤ੍ਰਿਤ ਗੱਲਬਾਤ ਪਿੱਛੋਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ 'ਚ ਮੌਜੂਦ ਅੱਤਵਾਦੀਆਂ ਦੀਆਂ ਸ਼ਰਨਗਾਹਾਂ ਨੂੰ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਨੂੰ ਆਪਣੇ ਖੇਤਰ 'ਚ ਅਤੇ ਖਾਸ ਤੌਰ 'ਤੇ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਅੱਤਵਾਦੀ ਗਰੁੱਪਾਂ ਵਿਰੁੱਧ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਟਿਲਰਸਨ ਨੇ ਕਿਹਾ ਕਿ ਉਨ੍ਹਾਂ ਪਾਕਿਸਤਾਨੀ ਲੀਡਰਸ਼ਿਪ ਨੂੰ ਕਿਹਾ ਹੈ ਕਿ ਉਹ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰੇ ਕਿਉਂਕਿ ਉਨ੍ਹਾਂ ਦੀ ਸਮਰੱਥਾ 'ਚ ਵਾਧਾ ਪਾਕਿਸਤਾਨ ਲਈ ਵੀ ਖਤਰਾ ਬਣ ਸਕਦਾ ਹੈ।
ਸੁਸ਼ਮਾ ਨਾਲ ਸਾਂਝੇ ਤੌਰ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਿਲਰਸਨ ਨੇ ਕਿਹਾ ਕਿ ਪਾਕਿਸਤਾਨ 'ਚ ਮੌਜੂਦ ਅੱਤਵਾਦੀਆਂ ਦੇ ਟਿਕਾਣੇ ਨਾ ਭਾਰਤ ਬਰਦਾਸ਼ਤ ਕਰੇਗਾ ਅਤੇ ਨਾ ਹੀ ਅਮਰੀਕਾ। ਸੁਸ਼ਮਾ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਨੂੰ ਹਰ ਹਾਲਤ 'ਚ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤਵਾਦੀ ਗਰੁੱਪਾਂ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਦੋਵਾਂ ਵਿਦੇਸ਼ ਮੰਤਰੀਆਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਟਿਲਰਸਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤੀ ਫੌਜ ਦੇ ਆਧੁਨਿਕੀਕਰਨ ਲਈ ਸਰਵਉੱਤਮ ਟੈਕਨਾਲੋਜੀ ਮੁਹੱਈਆ ਕਰਵਾਉਣ ਲਈ ਤਿਆਰ ਹੈ। ਅਮਰੀਕਾ ਭਾਰਤ ਨਾਲ ਲੜਾਕੂ ਹਵਾਈ ਜਹਾਜ਼ਾਂ ਐੱਫ-16 ਅਤੇ ਐੱਫ-18 ਦੇ ਸੌਦਿਆਂ 'ਤੇ ਚਰਚਾ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਐੱਚ-1ਬੀ ਵੀਜ਼ਾ ਮੁੱਦੇ 'ਤੇ ਵੀ ਟਿਲਰਸਨ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਭਾਰਤੀਆਂ 'ਤੇ ਉਲਟ ਅਸਰ ਪੈਣ ਵਾਲੀ ਕੋਈ ਕਾਰਵਾਈ ਅਮਲ 'ਚ ਨਾ ਲਿਆਂਦੀ ਜਾਵੇ।
ਟਿਲਰਸਨ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ 'ਚ ਅਮਰੀਕਾ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਦੋਵੇਂ ਦੇਸ਼ ਸੁਭਾਵਿਕ ਸਹਿਯੋਗੀ ਹਨ। 
ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਦੋਵਾਂ ਆਗੂਆਂ ਦੀ ਮੁਲਾਕਾਤ ਨੂੰ ਉਸਾਰੂ ਦੱਸਦਿਆਂ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ।


Related News