ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਫੌਜ ਨੇ ਦਿੱਤਾ ਮੁੰਹਤੋੜ ਜਵਾਬ, ਜਵਾਨ ਸ਼ਹੀਦ
Sunday, Oct 13, 2019 - 09:06 PM (IST)
ਜੰਮੂ — ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ’ਚ ਪਾਕਿਸਤਾਨ ਵਲੋਂ ਜੰਗ-ਬੰਦੀ ਦੀ ਉਲੰਘਣਾ ਕਰਦਿਆਂ ਸ਼ਨੀਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਗੋਲਾਬਾਰੀ ਐਤਵਾਰ ਸਵੇਰੇ ਰੁਕੀ। ਇਸ ਗੋਲਾਬਾਰੀ ’ਚ ਭਾਰਤੀ ਫੌਜ ਦਾ ਇਕ ਜਵਾਨ ਸੰਤੋਸ਼ ਸ਼ਹੀਦ ਹੋ ਗਿਆ। ਸੰਤੋਸ਼ ਗੁਮਲਾ ਜ਼ਿਲਾ (ਝਾਰਖੰਡ) ਦੇ ਟੇਂਗਰਾ ਮਮਰਲਾ ਪਿੰਡ ਦਾ ਰਹਿਣ ਵਾਲਾ ਸੀ। ਇਸ ਦੌਰਾਨ ਫੌਜੀ ਚੌਕੀਆਂ ਦੇ ਨਾਲ ਹੀ ਹਥਲੰਗਾ, ਸਿਲਿਕੂਟ ਅਤੇ ਨਾਂਬਲਾ ਦੇ ਰਿਹਾਇਸ਼ੀ ਇਲਾਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤੀ ਫੌਜ ਨੇ ਵੀ ਪਾਕਿ ਦੀ ਇਸ ਕਾਰਵਾਈ ਦਾ ਕਰਾਰਾ ਜਵਾਬ ਦਿੱਤਾ। ਲਗਾਤਾਰ ਹੋ ਰਹੀ ਗੋਲਾਬਾਰੀ ਨਾਲ ਐੱਲ. ਓ. ਸੀ. ਨਾਲ ਲੱਗਦੇ ਪਿੰਡਾਂ ’ਚ ਦਹਿਸ਼ਤ ਹੈ।
ਉਥੇ ਹੀ ਪਾਕਿਸਤਾਨੀ ਰੇਂਜਰਾਂ ਨੇ ਕਠੂਆ ਜ਼ਿਲੇ ’ਚ ਕੌਮਾਂਤਰੀ ਸਰਹੱਦ ਦੇ ਕੋਲ ਮੋਹਰਲੀਆਂ ਚੌਕੀਆਂ ਅਤੇ ਪਿੰਡਾਂ ’ਤੇ ਮੋਰਟਾਰ ਦੇ ਗੋਲੇ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਆਂ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਪਾਰੋਂ ਗੋਲਾਬਾਰੀ ਹੀਰਾਨਗਰ ਸੈਕਟਰ ਦੇ ਮਨਿਆਰੀ-ਚੋਰਗਲੀ ’ਚ ਸ਼ਨੀਵਾਰ ਰਾਤ 8.45 ਵਜੇ ਸ਼ੁਰੂ ਹੋਈ ਜੋ ਪੂਰੀ ਰਾਤ ਚੱਲਦੀ ਰਹੀ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਨੇ ਇਸਦਾ ਕਰਾਰਾ ਜਵਾਬ ਦਿੱਤਾ।