ਪਾਕਿ ਨੇ ਹਥਿਆਰਾਂ ਸਣੇ ਸਰਹੱਦ 'ਤੇ ਤਾਇਨਾਤ ਕੀਤੇ SSG ਕਮਾਂਡੋ, ਭਾਰਤੀ ਫੌਜ ਅਲਰਟ
Thursday, Nov 14, 2019 - 07:17 PM (IST)
ਨਵੀਂ ਦਿੱਲੀ/ਇਸਲਾਮਾਬਾਦ — ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਦੀਆਂ ਵਧਦੀਆਂ ਘਟਨਾਵਾਂ ਵਿਚਾਲੇ ਪਾਕਿਸਤਾਨ ਆਪਣੀ ਭੜਕਾਊ ਕਾਰਵਾਈ ਤੋਂ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨੀ ਫੌਜ ਨੇ ਭਾਰਤ ਨਾਲ ਲੱਗੀ ਕੰਟਰੋਲ ਲਾਈਨ ਕੋਲ ਆਪਣੀ ਤੋਪ ਰੈਜੀਮੈਂਟ ਨੂੰ ਐੱਸ.ਐੱਸ.ਜੀ. ਕਮਾਂਡੋ ਯੂਨਿਟ ਨਾਲ ਤਾਇਨਾਤ ਕੀਤਾ ਹੈ। ਇਸ ਤੋਂ ਬਾਅਦ ਭਾਰਤੀ ਫੌਜ ਨੇ ਹੁਣੇ ਤੋਂ ਲੱਗੇ ਇਲਾਕਿਆਂ 'ਚ ਗਸ਼ਤ ਨੂੰ ਵਧਾ ਦਿੱਤਾ ਹੈ।
ਇਕਾਨਮਿਕ ਟਾਇਮ ਦੀ ਰਿਪੋਰਟ ਮੁਤਾਬਕ, 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਨੇ ਸਰਹੱਦ ਨੇੜੇ ਆਪਣੇ ਫੌਜ ਦੀ ਗਿਣਤੀ ਵਧਾ ਦਿੱਤੀ ਸੀ। ਇਸ ਨਵੀਂ ਤਾਇਨਾਤੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਰਹੱਦ 'ਤੇ ਇਕ ਵਾਰ ਫਿਰ ਤੋਂ ਤਣਾਅ ਵਧ ਸਕਦਾ ਹੈ।
ਪਾਕਿਸਤਾਨੀ ਫੌਜ ਲਗਾਤਾਰ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਮੱਧ ਅਤੇ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕਰ ਰਹੀ ਹੈ। ਭਾਰਤੀ ਫੌਜ ਦੀ ਜਵਾਬੀ ਕਾਰਵਾਈ 'ਚ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਪਾਕਿਸਤਾਨ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨ ਇਨ੍ਹਾਂ ਦਿਨੀਂ ਤੋਪਾਂ ਦੇ ਨਾਲ ਭਾਰਤੀ ਫੌਜ ਦੀਆਂ ਚੌਂਕੀਆਂ ਤੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜਿਸ ਨਾਲ ਭਾਰਤੀ ਖੇਤਰ 'ਚ ਵੀ ਕਈ ਲੋਕਾਂ ਨੂੰ ਨੁਕਸਾਨ ਹੋਇਆ ਹੈ।
ਪਾਕਿਸਤਾਨ ਨੇ ਇਸ ਸਾਲ ਹੁਣ ਤਕ ਸਰਹੱਦ 'ਤੇ 2,472 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ। ਇਹ ਅੰਕੜਾ ਪਿਛਲੇ ਦੋ ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਪਾਕਿਸਤਾਨ ਨੇ ਐੱਲ.ਓ.ਸੀ. 'ਤੇ ਆਪਣਾ ਅਲੀਟ ਫੌਜੀਆਂ ਤੋਂ ਇਲਾਵਾ, ਵਿਸ਼ੇਸ਼ ਸੇਵਾ ਸਮੂਹ ਦੇ ਫੌਜੀਆਂ ਨੂੰ ਵੀ ਤਾਇਨਾਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਹੱਦ 'ਤੇ ਐੱਸ.ਐੱਸ.ਜੀ. ਦੀਆਂ ਦੋ ਬਟਾਲੀਅਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ 'ਚ ਹਰੇਕ 'ਚ 700 ਕਮਾਂਡੋ ਸ਼ਾਮਲ ਹਨ।
ਭਾਰਤੀ ਫੌਜ ਅਤੇ ਹਵਾਈ ਫੌਜ ਵੀ ਤਿਆਰ
ਪਾਕਿਸਤਾਨ ਵੱਲੋਂ ਕਿਸੇ ਵੀ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਭਾਰਤੀ ਫੌਜ ਅਤੇ ਹਵਾਈ ਫੌਜ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਰਤ ਦੀ ਖੁਫੀਆ ਏਜੰਸੀਆਂ ਪਾਕਿਸਤਾਨ ਦੀ ਹਰ ਹਰਕਤ 'ਤੇ ਨਜ਼ਰ ਰੱਖੇ ਹੋਏ ਹਨ। ਸਰਹੱਦ 'ਤੇ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ। ਫੌਜ, ਹਵਾਈ ਫੌਜ ਅਤੇ ਨੇਵੀ ਫੌਜ ਆਫਣੀ ਤਾਕਤ 'ਚ ਲਗਾਤਾਰ ਵਾਧਾ ਕਰ ਰਹੀ ਹੈ। ਇਸ ਬਾਬਤ ਰੱਖਿਆ ਖਰੀਦਦਾਰਾਂ 'ਚ ਵੀ ਤੇਜੀ ਦੇਖੀ ਜਾ ਰਹੀ ਹੈ।