ਜੰਮੂ ਕਸ਼ਮੀਰ : ਪੁੰਛ ''ਚ ਕੰਟਰੋਲ ਰੇਖਾ ਪਾਰ ਕਰ ਕੇ ਆਇਆ ਪਾਕਿਸਤਾਨੀ ਨਾਬਾਲਗ ਫੜਿਆ ਗਿਆ

Friday, Jan 01, 2021 - 06:05 PM (IST)

ਜੰਮੂ ਕਸ਼ਮੀਰ : ਪੁੰਛ ''ਚ ਕੰਟਰੋਲ ਰੇਖਾ ਪਾਰ ਕਰ ਕੇ ਆਇਆ ਪਾਕਿਸਤਾਨੀ ਨਾਬਾਲਗ ਫੜਿਆ ਗਿਆ

ਜੰਮੂ- ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ 'ਤੇ ਬੇਤਾਰ ਨਦੀ ਪਾਰ ਕਰ ਕੇ ਇਸ ਪਾਰ ਪਹੁੰਚੇ ਇਕ ਨਾਬਾਲਗ ਮੁੰਡੇ ਨੂੰ ਪੁਲਸ ਨੇ ਫੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰ ਅਲੀ (15) ਪੁੱਤ ਮੁਹੰਮਦ ਸ਼ਰੀਫ਼ ਵਾਸੀ ਬਾਂਡੀ ਅੱਬਾਸ ਪੁਰ, ਪੀ.ਓ.ਕੇ. ਦਾ ਰਹਿਣ ਵਾਲਾ ਹੈ। ਉਹ ਪਰਿਵਾਰ ਵਾਲਿਆਂ ਦੇ ਡਰ ਕਾਰਨ ਇਸ ਪਾਸੇ ਦੌੜ ਆਇਆ ਹੈ। ਫਿਲਹਾਲ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਦੇਰ ਸ਼ਾਮ ਨੂੰ ਪੁੰਛ ਪੁਲਸ ਦੀ ਐੱਸ.ਓ.ਜੀ. ਦੇ ਕੁਝ ਜਵਾਨ ਨਿਯਮਿਤ ਡਿਊਟੀ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਬੇਤਾਰ ਨਦੀ ਕੋਲ ਇਕ ਅਣਪਛਾਤੇ ਮੁੰਡੇ ਨੂੰ ਦੇਖਿਆ ਅਤੇ ਉਸ ਤੋਂ ਪੁੱਛ-ਗਿੱਛ ਕਰਨ ਲੱਗੇ।

ਇਸ ਦੌਰਾਨ ਪਤਾ ਲੱਗਾ ਕਿ ਮੁੰਡਾ ਪੀ.ਓ.ਕੇ. ਤੋਂ ਕੰਟਰੋਲ ਰੇਖਾ ਪਾਰ ਕਰ ਕੇ ਆਇਆ ਹੈ, ਉਸ ਨੂੰ ਤੁਰੰਤ ਥਾਣੇ ਲਿਆਂਦਾ ਗਿਆ। ਜਿੱਥੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਉਂ ਅਤੇ ਕਿਵੇਂ ਇਸ ਪਾਸੇ ਆਇਆ ਹੈ। ਮੁੰਡਾ ਕਾਫ਼ੀ ਡਰਿਆ ਹੋਇਆ ਹੈ, ਜਿਸ ਕਾਰਨ ਹਾਲੇ ਉਸ ਦੇ ਇਸ ਪਾਸੇ ਆਉਣ ਦਾ ਕਾਰਨ ਸਹੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਐੱਸ.ਐੱਸ.ਪੀ. ਰਮੇਸ਼ ਅਗਰਵਾਲ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਉਹ ਗਲਤੀ ਨਾਲ ਭਾਰਤ ਵੱਲ ਆ ਗਿਆ। ਜੇਕਰ ਸਾਨੂੰ ਉਸ ਵਿਰੁੱਧ ਕੁਝ ਨਹੀਂ ਮਿਲਦਾ ਹੈ ਤਾਂ ਅਸੀਂ ਪਾਕਿ ਅਧਿਕਾਰੀਆਂ ਨਾਲ ਉਸ ਦੀ ਵਾਪਸੀ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ।


author

DIsha

Content Editor

Related News