ਦਹਿਸ਼ਤ ''ਚ ਨੇ ਪਾਕਿਸਤਾਨ ਦੀਆਂ ਜੇਲਾਂ ''ਚ ਬੰਦ ਭਾਰਤੀ ਮਛੇਰੇ, ਹੋ ਰਿਹੈ ਅਜਿਹਾ ਤਸ਼ੱਦਦ

09/29/2016 11:59:33 AM

ਅਹਿਮਦਾਬਾਦ/ਇਸਲਾਮਾਬਾਦ— ਪਾਕਿਸਤਾਨੀ ਜੇਲਾਂ ''ਚ ਬੰਦ ਭਾਰਤੀ ਮਛੇਰਿਆਂ ਨਾਲ ਕਈ ਤਰ੍ਹਾਂ ਦਾ ਅਣਮਨੁੱਖੀ ਵਰਤਾਅ ਹੋ ਰਿਹਾ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਢਿੱਡ ਭਰਨ ਲਈ ਭੋਜਨ ਤੱਕ ਵੀ ਨਹੀਂ ਦਿੱਤਾ ਜਾ ਰਿਹਾ। ਉੜੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੇ ਮਾਹੌਲ ''ਚ ਇਨ੍ਹਾਂ ਜੇਲਾਂ ''ਚ ਬੰਦ ਭਾਰਤੀ ਕੈਦੀ ਦਹਿਸ਼ਤ ''ਚ ਹਨ। ਪਾਕਿਸਤਾਨ ਦੇ ਕਰਾਚੀ ਅਤੇ ਇਸ ਦੀਆਂ ਆਲੇ-ਦੁਆਲੇ ਦੀਆਂ 4 ਜੇਲਾਂ ''ਚ ਬੰਦ ਗੁਜਰਾਤ ਦੇ 467 ਮਛੇਰਿਆਂ ''ਚੋਂ ਕਈਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਹਾਲ ਹੀ ''ਚ ਚਿੱਠੀ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ।
ਗੁਜਰਾਤ ''ਚ ਮਛੇਰਿਆਂ ਦੇ ਸਹਿਕਾਰੀ ਸੰਗਠਨਾਂ ਦੀ ਉੱਚ ਸੰਸਥਾ ''ਗੁਜਰਾਤ ਫਿਸ਼ਰੀਜ ਸੈਂਟਰਲ ਕੋਆਪਰੇਟਿਵ ਐਸੋਸੀਏਸ਼ਨ'' ਦੇ ਚੇਅਰਮੈਨ ਵੀ. ਆਰ. ਸਮਾਣੀ, ਜੋ ਕਿ ਮਛੇਰਿਆਂ ਦੇ ਮੁੱਦਿਆਂ ਨੂੰ ਲੈ ਕੇ ਹੁਣ ਤੱਕ 11 ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ, ਨੇ ਇਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਮਛੇਰਿਆਂ ਨੇ ਚਿੱਠੀ ''ਚ ਲਿਖਿਆ ਹੈ ਕਿ ਉਨ੍ਹਾਂ ਤੋਂ ਸਖਤ ਮਿਹਨਤ ਕਰਵਾਈ ਜਾ ਰਹੀ ਹੈ ਅਤੇ ਢਿੱਡ ਭਰਨ ਲਈ ਭੋਜਨ ਤੱਕ ਨਹੀਂ ਦਿੱਤਾ ਜਾਂਦਾ, ਜੋ ਭੋਜਨ ਮਿਲਦਾ ਹੈ ਉਹ ਵੀ ਚੰਗਾ ਨਹੀਂ ਹੁੰਦਾ। ਇਸ ਸੰਗਠਨ ਦੀ ਸਥਾਪਨਾ ਗੁਜਰਾਤ ਸਰਕਾਰ ਦੇ ਵਿੱਤੀ ਅਤੇ ਪ੍ਰਸ਼ਾਸਨਕ ਸਹਿਯੋਗ ਨਾਲ ਸਾਲ 1956 ''ਚ ਕੀਤੀ ਗਈ ਸੀ।
ਜੇਲਾਂ ''ਚ ਬੰਦ ਕੈਦੀ ਉੜੀ ਦੀ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਧੇ ਤਣਾਅ ਕਾਰਨ ਵੀ ਦਹਿਸ਼ਤ ''ਚ ਹਨ। ਉਨ੍ਹਾਂ ਨੂੰ ਡਰ ਹੈ ਕਿ ਤਣਾਅ ਹੋਰ ਵਧਣ ''ਤੇ ਉਨ੍ਹਾਂ ਨਾਲ ਹੋਰ ਮਾੜਾ ਵਰਤਾਅ ਕੀਤਾ ਜਾ ਸਕਦਾ ਹੈ। ਮਸਾਣੀ ਨੇ ਕਿਹਾ ਕਿ ਮਛੇਰਿਆਂ ਦੀ ਹਾਲਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਵਾ ਕੇ ਉਨ੍ਹਾਂ ਤੋਂ ਇਸ ਮਾਮਲੇ ''ਚ ਦਖਲ ਅੰਦਾਜੀ ਦੀ ਗੁਹਾਰ ਲਾਈ ਜਾਵੇਗੀ। ਮਸਾਣੀ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਏਜੰਸੀ ਵਲੋਂ ਗੁਜਰਾਤ ਤੱਟ ਤੋਂ ਦੂਰ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਜਲ ਸੀਮਾ ਕੋਲ ਫੜੇ ਗਏ ਇਨ੍ਹਾਂ ਮਛੇਰਿਆਂ ਨੂੰ ਦਿਲਾਸਾ ਦੇਣ ਲਈ ਉਨ੍ਹਾਂ ''ਚੋਂ 5 ਦੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਭੇਜਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਜੇਕਰ ਪਾਕਿਸਤਾਨ ਨੇ ਵੀਜ਼ਾ ਦਿੱਤਾ ਤਾਂ 5 ਕੈਦੀ ਮਛੇਰਿਆਂ ਦੇ ਪਰਿਵਾਰਾਂ ਦੀਆਂ ਔਰਤਾਂ ਜਾਣਗੀਆਂ।

Tanu

News Editor

Related News