ਪਾਕਿਸਤਾਨ ਨੇ ਡਰੋਨ ਨਾਲ ਮੁੜ ਕੀਤੀ ਨਾਪਾਕ ਹਰਕਤ, ਸਰਹੱਦ ’ਤੇ ਫੜੀ ਗਈ 25 ਕਰੋੜ ਦੀ ਹੈਰੋਇਨ
Thursday, May 18, 2023 - 10:15 AM (IST)
ਸ਼੍ਰੀਗੰਗਾਨਗਰ (ਵਾਰਤਾ)- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਰਾਵਲਾ ਥਾਣਾ ਖੇਤਰ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ ਨਿਮਿਚੰਦ ਬਾਰਡਰ ਪੋਸਟ ਕੋਲ ਇਕ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਖੇਤਰ 'ਚ ਲਗਭਗ 900 ਮੀਟਰ ਅੰਦਰ ਹੈਰੋਇਨ ਦੇ ਪੈਕੇਟ ਸੁੱਟ ਕੇ ਵਾਪਸ ਜਾਣ 'ਚ ਕਾਮਯਾਬ ਹੋ ਗਿਆ। ਡਰੋਨ ਦੀ ਆਵਾਜ਼ ਸੁਣ ਕੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸੇ ਦਿਸ਼ਾ 'ਚ ਅੰਨ੍ਹੇਵਾਹ ਗੋਲੀਬਾਰੀ ਵੀ ਕੀਤੀ ਪਰ ਡਰੋਨ ਬਚ ਨਿਕਲਿਆ। ਬਾਰਡਰ ਪੋਸਟ ਦੇ ਇੰਚਾਰਜ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਬੀ.ਐੱਸ.ਐੱਚ. ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਬੀ.ਐੱਸ.ਐੱਫ. ਵਲੋਂ ਸੂਚਨਾ ਦਿੱਤੇ ਜਾਣ 'ਤੇ ਰਾਵਲ, ਘੜਸਾਨਾ ਖਾਜੂਵਾਲਾ ਅਤੇ ਨੇੜੇ-ਤੇੜੇ ਦੇ ਹੋਰ ਇਲਾਕਿਆਂ 'ਚ ਸ਼ੱਕੀ ਤਸਕਰਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ ਪਰ ਕੋਈ ਪਕੜ 'ਚ ਨਹੀਂ ਆਇਆ। ਸਵੇਰ ਹੋਣ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਚਕ 23-ਕੇਡੀ ਦੇ ਇਕ ਖੇਤ 'ਚ ਤਿੰਨ ਪੈਕੇਟ ਪਏ ਮਿਲੇ, ਜਿਨ੍ਹਾਂ 'ਚੋਂ 5 ਕਿਲੋ ਹੈਰੋਇਨ ਬਰਾਮਦ ਹੋਈ।
ਬਰਾਮਦ ਹੈਰੋਇਨ ਦਾ ਮੁੱਲ ਅੰਤਰਰਾਸ਼ਟਰੀ ਮਾਰਕੀਟ 'ਚ 25 ਕਰੋੜ ਰੁਪਏ ਦੱਸਿਆ ਗਿਆ ਹੈ। ਇਸ ਸੰਬੰਧ 'ਚ ਬੀ.ਐੱਸ.ਐੱਫ. ਵਲੋਂ ਰਾਵਲਾ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਜਾ ਰਿਾਹ ਹੈ। ਦੁਪਹਿਰ ਨੂੰ ਚਕ 23-ਕੇਡ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਪੁਸ਼ਪੇਂਦਰਸਿੰਘ ਰਾਠੌੜ ਨੇ ਦੱਸਿਆ ਕਿ ਰਾਤ ਲਗਭਗ 1.15 ਵਜੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਆਸਮਾਨ ਤੋਂ ਇਕ ਚਮਕਦੀ ਹੋਈ ਵਸਤੂ ਹੇਠਾਂ ਡਿੱਗਦੇ ਦਿਖਾਈ ਦਿੱਤੀ। ਇਸ ਦੇ ਨਾਲ ਹੀ ਡਰੋਨ ਦੀ ਆਵਾਜ਼ ਵੀ ਆਉਣ ਲੱਗੀ। ਹਨ੍ਹੇਰੇ ਕਾਰਨ ਡਰੋਨ ਦਿਖਾਈ ਨਹੀਂ ਦਿੱਤਾ ਪਰ ਜਵਾਨਾਂ ਨੇ ਵੱਖ-ਵੱਖ ਹਥਿਆਰਾਂ ਨਾਲ ਉਸ ਦਿਸ਼ਾ 'ਚ ਫਾਇਰਿੰਗ ਕੀਤੀ। ਜਵਾਨਾਂ ਵਲੋਂ ਕੁੱਲ 42 ਰਾਊਂਡ ਫਾਇਰ ਕੀਤੇ ਗਏ। ਇਸ ਤੋਂ ਆਵਾਜ਼ ਆਉਣੀ ਬੰਦ ਹੋ ਗਈ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਨਾਲ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਗਿਾ। ਸਵੇਰ ਹੋਣ 'ਤੇ 3 ਪੈਕੇਟਾਂ 'ਚ 5 ਕਿਲੋ ਹੈਰੋਇਨ ਬਰਾਮਦ ਹੋਈ। ਸਰਚ ਆਪਰੇਸ਼ਨ 'ਚ ਕਿਤੇ ਵੀ ਨੁਕਸਾਨਿਆ ਡਰੋਨ ਨਹੀਂ ਮਿਲਿਆ। ਹੈਰੋਇਨ ਦੀ ਡਿਲਿਵਰੀ ਲੈਣ ਆਏ ਭਾਰਤੀ ਤਸਕਰ ਵੀ ਪਕੜ 'ਚ ਨਹੀਂ ਆਏ ਪਰ ਪੁਲਸ, ਬੀ.ਐੱਸ.ਐੱਫ. ਅਤੇ ਖੁਫ਼ੀਆ ਏਜੰਸੀਆਂ ਇਨ੍ਹਾਂ ਤਸਕਰਾਂ ਬਾਰੇ ਪਤਾ ਲਗਾਉਣ 'ਚ ਲੱਗੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਤਸਕਰਾਂ ਨੂੰ ਫੜ ਲਿਆ ਜਾਵੇਗਾ ਜੋ ਕਿ ਪੰਜਾਬ ਦੇ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ