LOC ''ਤੇ ਲਗਾਤਾਰ ਦੂਜੇ ਦਿਨ ਪਾਕਿ ਦੀ ਭਾਰੀ ਗੋਲਾਬਾਰੀ, ਇੱਕ ਨਾਗਰਿਕ ਜ਼ਖ਼ਮੀ
Saturday, Sep 19, 2020 - 12:22 AM (IST)
ਜੰਮੂ - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਲਾਈਨ 'ਤੇ ਲਗਾਤਾਰ ਦੂਜੇ ਦਿਨ ਪਾਕਿਸਤਾਨ ਨੇ ਭਾਰੀ ਗੋਲੀਬਾਰੀ ਅਤੇ ਮੋਰਟਾਰ ਦਾਗੇ। ਜੰਮੂ-ਕਸ਼ਮੀਰ ਦੇ ਪੁੰਛ ਦੇ ਬਾਲਾਕੋਟ ਸੈਕਟਰ 'ਚ ਜੰਗਬੰਦੀ ਦੀ ਉਲੰਣਾ 'ਚ ਇੱਕ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਹ ਜਾਣਕਾਰੀ ਪੁੰਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਦਿੱਤੀ।
ਦੱਸ ਦਈਏ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ 15 ਸਤੰਬਰ ਨੂੰ ਦੁਪਹਿਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ ਜਿਸ 'ਚ ਕੁੱਝ ਲੋਕ ਜ਼ਖ਼ਮੀ ਹੋਏ ਸਨ। ਉਥੇ ਹੀ 17 ਸਤੰਬਰ ਨੂੰ ਜੰਮੂ-ਕਸ਼ਮੀਰ 'ਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕੀਤਾ ਸੀ। ਇਹ ਹਮਲਾ ਪੁਲਵਾਮਾ ਅੱਤਵਾਦੀ ਹਮਲੇ ਦੀ ਤਰ੍ਹਾਂ ਹੂਬਹੂ ਪਲਾਨ ਕੀਤਾ ਗਿਆ ਸੀ। ਭਾਰਤੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਹਾਈਵੇਅ ਦੇ ਨਜ਼ਦੀਕ ਕਰੀਬ 52 ਕਿੱਲੋ ਵਿਸਫੋਟਕ ਬਰਾਮਦ ਕੀਤੇ ਸਨ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਸ ਵਿਸਫੋਟਕ ਦਾ ਇਸਤੇਮਾਲ ਪੁਲਵਾਮਾ ਵਰਗੇ ਕਿਸੇ ਵੱਡੇ ਹਮਲੇ ਲਈ ਕਰਨ ਵਾਲੇ ਸਨ। ਅੱਤਵਾਦੀਆਂ ਨੇ ਇਸ ਪੂਰੇ ਵਿਸਫੋਟਕ ਨੂੰ ਇੱਕ ਪਲਾਸਟਿਕ ਟੈਂਕ 'ਚ ਛੁਪਾ ਕੇ ਰੱਖਿਆ ਸੀ। 42 ਰਾਸ਼ਟਰੀ ਰਾਈਫਲਸ ਅਤੇ ਸੀ.ਆਰ.ਪੀ.ਐੱਫ. ਦੀਆਂ 130ਵੀਂ ਬਟਾਲੀਅਨ ਦੇ ਜਵਾਨਾਂ ਨੇ ਇੱਕ ਸੰਯੁਕਤ ਆਰੇਸ਼ਨ ਦੌਰਾਨ ਇਸ ਵਿਸਫੋਟਕ ਨੂੰ ਬਰਾਮਦ ਕੀਤਾ ਸੀ।