ਪਾਕਿਸਤਾਨ ਨੇ ਜੰਮੂ-ਕਸ਼ਮੀਰ ''ਚ ਜੀ-20 ਸੈਰ-ਸਪਾਟਾ ਬੈਠਕ ਆਯੋਜਿਤ ਕਰਨ ਦੇ ਫ਼ੈਸਲੇ ''ਤੇ ਜਤਾਇਆ ''ਇਤਰਾਜ਼''
Tuesday, Apr 11, 2023 - 07:46 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ 'ਚ ਅਗਲੇ ਮਹੀਨੇ ਜੀ-20 ਸੈਰ-ਸਪਾਟਾ ਕਾਰਜ ਸਮੂਹ ਦੀ ਬੈਠਕ ਆਯੋਜਿਤ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ 'ਸਖਤ ਇਤਰਾਜ਼' ਜਤਾਉਂਦਿਆਂ ਇਸ ਨੂੰ 'ਆਪਣੇ ਹਿੱਤਾਂ ਨੂੰ ਫਾਇਦਾ ਪਹੁੰਚਾਉਣ ਵਾਲਾ' ਕਦਮ ਦੱਸਿਆ। ਭਾਰਤ ਨੂੰ ਪਿਛਲੇ ਸਾਲ ਦਸੰਬਰ ਵਿੱਚ ਜੀ-20 ਦੀ ਪ੍ਰਧਾਨਗੀ ਮਿਲੀ ਸੀ, ਜੋ ਇਕ ਸਾਲ ਤੱਕ ਚੱਲੇਗੀ। ਭਾਰਤ ਦਾ ਜ਼ੋਰ ਸਤੰਬਰ ਦੇ ਸ਼ੁਰੂ ਵਿੱਚ ਨਵੀਂ ਦਿੱਲੀ 'ਚ ਸਮੂਹ ਦੇ ਨੇਤਾਵਾਂ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ 'ਤੇ ਹੈ। ਜੀ-20 ਵਿਸ਼ਵ ਦੀਆਂ ਪ੍ਰਮੁੱਖ 20 ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇਕ ਮਹੱਤਵਪੂਰਨ ਮੰਚ ਹੈ।
ਇਹ ਵੀ ਪੜ੍ਹੋ : ਯੁਗਾਂਡਾ 'ਚ ਬੋਲੇ ਜੈਸ਼ੰਕਰ- G20 'ਚ 'ਗਲੋਬਲ ਸਾਊਥ' ਦੀਆਂ ਚਿੰਤਾਵਾਂ ਨੂੰ ਰੱਖੇਗਾ ਭਾਰਤ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ, ''ਪਾਕਿਸਤਾਨ ਨੇ 22-24 ਮਈ 2023 ਨੂੰ ਸ਼੍ਰੀਨਗਰ 'ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ ਆਯੋਜਿਤ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਸਖਤ ਇਤਰਾਜ਼ ਜਤਾਇਆ ਹੈ। ਲੇਹ ਅਤੇ ਸ਼੍ਰੀਨਗਰ 'ਚ ਯੁਵਾ ਮਾਮਲਿਆਂ (ਵਾਈ-20) ਨਾਲ ਸਬੰਧਤ ਇਕ ਸਲਾਹਕਾਰ ਮੰਚ ਦੀਆਂ 2 ਹੋਰ ਬੈਠਕਾਂ... ਸਮਾਨ ਰੂਪ ਤੋਂ ਪ੍ਰੇਸ਼ਾਨ ਕਰਨ ਵਾਲਾ ਹੈ।" ਉਸ ਨੇ ਕਿਹਾ, "ਭਾਰਤ ਦਾ ਗੈਰ-ਜ਼ਿੰਮੇਵਾਰਾਨਾ ਕਦਮ ਆਪਣੇ ਹਿੱਤਾਂ ਦੀ ਪੂਰਤੀ ਦੀ ਲੜੀ ਵਿੱਚ ਤਾਜ਼ਾ ਹੈ... ਪਾਕਿਸਤਾਨ ਇਨ੍ਹਾਂ ਕਦਮਾਂ ਦੀ ਨਿੰਦਾ ਕਰਦਾ ਹੈ।" ਵਿਦੇਸ਼ ਦਫ਼ਤਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਜੰਮੂ-ਕਸ਼ਮੀਰ ਦੀ 'ਹਕੀਕਤ' ਨੂੰ ਛੁਪਾ ਨਹੀਂ ਸਕਦੀਆਂ ਤੇ ਨਾ ਹੀ ਅਜਿਹੀਆਂ ਗਤੀਵਿਧੀਆਂ ਕਸ਼ਮੀਰ ਤੋਂ ਕੌਮਾਂਤਰੀ ਭਾਈਚਾਰੇ ਦਾ ਧਿਆਨ ਹਟਾ ਸਕਦੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।