ਭਾਰਤੀ ਖੇਤਰ 'ਚ ਮੁੜ ਦਾਖਲ ਹੋਏ ਪਾਕਿਸਤਾਨੀ ਡਰੋਨ, ਫੌਜ ਨੇ ਦਿੱਤਾ ਮੂੰਹ ਤੋੜ ਜਵਾਬ
Saturday, Mar 09, 2019 - 02:00 PM (IST)

ਸ਼੍ਰੀਗੰਗਾਨਗਰ— ਰਾਜਸਥਾਨ ਵਿਚ ਸ਼੍ਰੀਗੰਗਾਨਗਰ ਜ਼ਿਲੇ ਨਾਲ ਲੱਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਸ਼ੁੱਕਰਵਾਰ ਰਾਤ ਪਾਕਿਸਤਾਨ ਵਲੋਂ ਦੋ ਡਰੋਨ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋ ਗਏ। ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੰਦਿਆਂ ਦੋਹਾਂ ਡਰੋਨਾਂ ਨੂੰ ਤਬਾਹ ਕਰਨ ਲਈ ਮੋਰਟਾਰ ਨਾਲ ਗੋਲੇ ਦਾਗੇ। ਇਕ ਡਰੋਨ ਵਾਪਸ ਪਾਕਿਸਤਾਨ ਵੱਲ ਚੱਲਾ ਗਿਆ, ਜਦਕਿ ਦੂਜੇ ਨੂੰ ਤਬਾਹ ਕਰ ਦਿੱਤਾ ਗਿਆ। ਤਬਾਹ ਕੀਤੇ ਗਏ ਡਰੋਨ ਦੇ ਅਵਸ਼ੇਸ਼ਾਂ ਨੂੰ ਲੱਭਣ ਲਈ ਸਵੇਰੇ ਸਰਹੱਦ ਖੇਤਰ ਵਿਚ ਫੌਜ, ਬੀ. ਐੱਸ. ਐੱਫ. ਅਤੇ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ। ਸਰਹੱਦੀ ਪਿੰਡਾਂ ਵਿਚ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਤੋਂ ਘੋਸ਼ਣਾ ਕਰਵਾਈ ਗਈ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਚੀਜ਼ ਕਿਤੇ ਵੀ ਪਈ ਮਿਲੇ ਤਾਂ ਇਸ ਦੀ ਸੂਚਨਾ ਬੀ. ਐੱਸ. ਐੱਫ. ਦੇ ਨੇੜਲੇ ਬਾਰਡਰ ਪੋਸਟ ਜਾਂ ਪੁਲਸ ਨੂੰ ਦਿੱਤੀ ਜਾਵੇ।
ਮਿਲੀ ਜਾਣਕਾਰੀ ਮੁਤਾਬਕ ਸ਼੍ਰੀਗੰਗਾਨਗਰ ਸ਼ਹਿਰ ਤੋਂ ਕੁਝ ਹੀ ਕਿਲੋਮੀਟਰ ਦੂਰ ਹਿੰਦੂਮਲਕੋਟ ਥਾਣਾ ਖੇਤਰ ਵਿਚ ਸ਼ੁੱਕਰਵਾਰ ਦੇਰ ਰਾਤ ਸਾਢੇ 12 ਵਜੇ ਡਰੋਨ ਦਿਖਾਏ ਦਿੱਤੇ। ਭਾਰਤੀ ਖੇਤਰ ਵਿਚ ਦਾਖਲ ਹੁੰਦੇ ਹੀ ਫੌਜ ਨੇ ਜ਼ਮੀਨ ਤੋਂ ਫਾਈਰਿੰਗ ਕੀਤੀ ਗਈ। ਬੰਬ ਧਮਾਕਿਆਂ ਅਤੇ ਫਿਰ ਗੋਲੀਆਂ ਚੱਲਣ ਦੀ ਆਵਾਜ਼ ਆਉਣ ਲੱਗੀ। ਬੰਬ ਧਮਾਕੇ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸਵੇਰੇ ਸਾਢੇ 5 ਵਜੇ ਤਕ ਆਉਂਦੀ ਰਹੀ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਵੀ ਪਾਕਿਸਤਾਨੀ ਡਰੋਨ ਰਾਜਸਥਾਨ ਦੇ ਬੀਕਾਨੇਰ ਸਰਹੱਦ 'ਚ ਦਾਖਲ ਹੋ ਗਿਆ ਸੀ, ਜਿਸ ਨੂੰ ਭਾਰਤੀ ਹਵਾਈ ਫੌਜ ਨੇ ਤਬਾਹ ਕਰ ਦਿੱਤਾ ਸੀ।