ਧਾਰਾ 370 ਹਟਣ ਤੋਂ ਬਾਅਦ ਬੌਖਲਾਇਆ ਪਾਕਿ, ਭਾਰਤ ਨਾਲ ਦੋ-ਪੱਖੀ ਵਪਾਰ ਰੋਕਿਆ
Wednesday, Aug 07, 2019 - 08:31 PM (IST)

ਇਸਲਾਮਾਬਾਦ - ਭਾਰਤ ਸਰਕਾਰ ਦੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ 'ਤੇ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ। ਪਾਕਿਸਤਾਨ ਨੇ ਭਾਰਤ ਦੇ ਨਾਲ ਦੋ-ਪੱਖੀ ਵਪਾਰ ਰੋਕਣ ਦਾ ਫੈਸਲਾ ਕੀਤਾ ਹੈ ਅਤੇ ਉਥੇ ਪਾਕਿ ਭਾਰਤ ਤੋਂ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾਵੇਗਾ ਅਤੇ ਭਾਰਤ ਦੇ ਰਾਜਦੂਤ ਨੂੰ ਵਾਪਸ ਭੇਜੇਗਾ। ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਸੰਯੁਕਤ ਰਾਸ਼ਟਰ 'ਚ ਵੀ ਕਸ਼ਮੀਰ ਮਾਮਲੇ ਨੂੰ ਚੁੱਕੇਗਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ 'ਚ ਮੌਜੂਦਾ ਸਥਿਤੀ 'ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦੀ 3 ਦਿਨਾਂ 'ਚ ਦੂਜੀ ਬੈਠਕ ਬੁਲਾਈ। ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰ ਦਿੱਤਾ ਅਤੇ ਰਾਜ ਨੂੰ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ 'ਚ ਵੰਡ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਨੇ ਭਾਰਤ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ ਅਤੇ ਉਸ ਨੂੰ ਖਾਰਿਜ ਕਰ ਦਿੱਤਾ ਅਤੇ ਭਾਰਤ ਦੇ ਗੈਰ-ਕਾਨੂੰਨੀ ਅਤੇ ਇਕ ਪਾਸੜ ਫੈਸਲੇ ਖਿਲਾਫ ਹਰ ਸੰਭਵ ਵਿਕਲਪ ਅਪਣਾਉਣ ਦਾ ਜ਼ਿਕਰ ਕੀਤਾ ਹੈ।
ਐੱਨ. ਐੱਸ. ਸੀ. ਫੌਜੀ ਅਤੇ ਗੈਰ-ਫੌਜੀ ਅਗਵਾਈ ਦਾ ਸਰਵ ਉੱਚ ਫੋਰਮ ਹੈ ਜਿਥੇ ਰਾਸ਼ਟਰੀ ਸੁਰੱਖਿਆ ਦੇ ਅਹਿਮ ਮਸਲਿਆਂ 'ਤੇ ਚਰਚਾ ਕੀਤੀ ਜਾਂਦੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਕਸ਼ਮੀਰ ਮਾਮਲਿਆਂ ਦੇ ਮੰਤਰੀ ਦੇ ਨਾਲ ਹੋਰ ਅਹਿਮ ਅਧਿਕਾਰੀ, ਤਿੰਨਾਂ ਫੌਜਾਂ ਦੇ ਮੁਖੀਆਂ ਅਤੇ ਆਈ. ਐੱਸ. ਆਈ. ਪ੍ਰਮੁੱਖ ਸਮੇਤ ਹੋਰ ਅਧਿਕਾਰੀ ਬੈਠਕ 'ਚ ਸ਼ਾਮਲ ਹੋਏ। ਖਾਨ ਨੇ ਐਤਵਾਰ ਨੂੰ ਖੇਤਰ 'ਚ ਘਟਨਾਵਾਂ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨ ਲਈ ਐੱਨ. ਐੱਸ. ਸੀ. ਦੀ ਬੈਠਕ ਬੁਲਾਈ ਸੀ।