ਪਿਊਸ਼ ਗੋਇਲ ਦਾ ਸੋਨੀਆ ਗਾਂਧੀ ’ਤੇ ਪਲਟਵਾਰ, RCEP-FTA ’ਤੇ ਦਾਗੇ ਸਵਾਲ

Monday, Nov 04, 2019 - 11:00 AM (IST)

ਨਵੀਂ ਦਿੱਲੀ — ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਰਿਜਨਲ ਕੰਪਰੀਹੈਂਸਿਵ ਇਕਾਨਮਿਕ ਪਾਰਟਨਰਸ਼ਿਪ (ਆਰ. ਸੀ. ਈ. ਪੀ.) ਅਤੇ ਫ੍ਰੀ ਟ੍ਰੇਡ ਐਗਰੀਮੈਂਟਸ (ਐੱਫ. ਟੀ. ਏ.) ਦੀ ਆਲੋਚਨਾ ਕਰਨ ’ਤੇ ਸੋਨੀਆ ਗਾਂਧੀ ’ਤੇ ਕਰਾਰਾ ਪਲਟਵਾਰ ਕੀਤਾ ਹੈ। ਗੋਇਲ ਨੇ ਉਨ੍ਹਾਂ ’ਤੇ ਲਗਾਤਾਰ ਸਵਾਲ ਕਰਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਆਰ. ਸੀ. ਈ. ਪੀ. ਅਤੇ ਐੱਫ. ਟੀ. ਏ. ਨੂੰ ਲੈ ਕੇ ਅਚਾਨਕ ਜਾਗ ਗਈ ਹੈੈ। ਗੋਇਲ ਨੇ ਸਵਾਲ ਕੀਤਾ ਕਿ ਉਸ ਸਮੇਂ ਸੋਨੀਆ ਗਾਂਧੀ ਕਿੱਥੇ ਸੀ, ਜਦੋਂ ਆਰ. ਸੀ. ਈ. ਪੀ. ਦੇਸ਼ਾਂ ਨਾਲ ਵਪਾਰ ਘਾਟਾ ਸਾਲ 2004 ’ਚ 7 ਬਿਲੀਅਨ ਡਾਲਰ ਤੋਂ ਵਧ ਕੇ ਸਾਲ 2014 ’ਚ 78 ਬਿਲੀਅਨ ਡਾਲਰ ਪਹੁੰਚ ਗਿਆ ਸੀ।

ਗੋਇਲ ਨੇ ਸਵਾਲ ਪੁੱਛਿਆ ਕਿ ਜਦੋਂ ਸਾਲ 2011-12 ’ਚ ਉਨ੍ਹਾਂ ਦੀ ਸਰਕਾਰ ਨੇ ਭਾਰਤ ਨੂੰ ਚੀਨ ਨਾਲ ਆਰ. ਸੀ. ਈ. ਪੀ. ਵਾਰਤਾਵਾਂ ਲਈ ਮਜਬੂਰ ਕੀਤਾ ਸੀ ਉਸ ਸਮੇਂ ਸੋਨੀਆ ਗਾਂਧੀ ਕਿੱਥੇ ਸੀ? ਸਾਲ 2010 ’ਚ ਆਸਿਆਨ ਦੇਸ਼ਾਂ ਨਾਲ ਐੱਫ. ਟੀ. ਏ. ’ਤੇ ਹਸਤਾਖਰ ਕੀਤੇ ਗਏ ਸਨ। ਜਦੋਂ ਸਾਲ 2010 ’ਚ ਦੱਖਣ ਕੋਰੀਆ, ਸਾਲ 2011 ’ਚ ਮਲੇਸ਼ੀਆ ਅਤੇ ਜਾਪਾਨ ਨਾਲ ਐੱਫ. ਟੀ. ਏ. ’ਤੇ ਹਸਤਾਖਰ ਹੋਏ ਸਨ, ਉਸ ਸਮੇਂ ਸੋਨੀਆ ਕਿਉਂ ਨਹੀਂ ਬੋਲੀ?

ਕਾਂਗਰਸ ਸਰਕਾਰ ਨੇ ਅਮੀਰ ਦੇਸ਼ਾਂ ਲਈ ਖੋਲ੍ਹਿਆ 74 ਫੀਸਦੀ ਬਾਜ਼ਾਰ

ਗੋਇਲ ਨੇ ਇਹ ਵੀ ਪੁੱਛਿਆ ਕਿ ਸੋਨੀਆ ਗਾਂਧੀ ਉਸ ਸਮੇਂ ਕਿੱਥੇ ਸੀ, ਜਦੋਂ ਉਨ੍ਹਾਂ ਦੀ ਸਰਕਾਰ ਨੇ ਆਸਿਆਨ ਦੇਸ਼ਾਂ ਲਈ 74 ਫੀਸਦੀ ਬਾਜ਼ਾਰ ਖੋਲ੍ਹ ਦਿੱਤੇ ਸੀ ਪਰ ਇੰਡੋਨੇਸ਼ੀਆ ਵਰਗੇ ਅਮੀਰ ਦੇਸ਼ਾਂ ਨੇ ਭਾਰਤ ਲਈ ਸਿਰਫ 50 ਫੀਸਦੀ ਬਾਜ਼ਾਰ ਖੋਲ੍ਹਿਆ ਸੀ। ਕੇਂਦਰੀ ਮੰਤਰੀ ਨੇ ਸਵਾਲ ਕੀਤਾ ਕਿ ਅਾਖਿਰ ਅਮੀਰ ਦੇਸ਼ਾਂ ਨੂੰ ਰਿਆਇਤ ਦੇਣ ਖਿਲਾਫ ਸੋਨੀਆ ਗਾਂਧੀ ਨੇ ਕਿਉਂ ਨਹੀਂ ਬੋਲਿਆ? ਸਾਲ 2007 ’ਚ ਜਦੋਂ ਯੂ. ਪੀ. ਏ. ਸਰਕਾਰ ਭਾਰਤ ਅਤੇ ਚੀਨ ਐੱਫ. ਟੀ. ਏ. ਨੂੰ ਲੈ ਕੇ ਸਹਿਮਤ ਹੋਈ ਸੀ ਤਾਂ ਸੋਨੀਆ ਗਾਂਧੀ ਕਿੱਥੇ ਸੀ?

ਮਨਮੋਹਨ ਸਿੰਘ ਆਪਣੀ ਬੇਇੱਜ਼ਤੀ ਖਿਲਾਫ ਦੇਣਗੇ ਜਵਾਬ

ਇਸ ਦਰਮਿਆਨ ਪਿਊਸ਼ ਗੋਇਲ ਨੇ ਇਹ ਵੀ ਕਿਹਾ,‘‘ਮੈਨੂੰ ਉਮੀਦ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੀ ਇਸ ਬੇਇੱਜ਼ਤੀ ਖਿਲਾਫ ਬੋਲਣਗੇ।’’ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ. ਸੀ. ਈ. ਪੀ. ਨੂੰ ਲੈ ਕੇ ਸਾਫ ਕਰ ਚੁੱਕੇ ਹਨ ਕਿ ਇਸ ’ਚ ਭਾਰਤ ਦੇ ਫਾਇਦੇ ਦਾ ਸੌਦਾ ਹੋਵੇਗਾ। ਸਾਡਾ ਮੰਨਣਾ ਹੈ ਕਿ ਵਪਾਰ ਘਾਟੇ ਨੂੰ ਘੱਟ ਕਰਨਾ ਸਾਡੀ ਚਿੰਤਾ ਹੈ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਸੀ ਕਿ ਆਰ. ਸੀ. ਈ. ਪੀ. ਖਿਲਾਫ ਇਕ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਘਰੇਲੂ ਅਰਥਵਿਵਸਥਾ ’ਤੇ ਇਸ ਦੇ ਪ੍ਰਭਾਵ ਦਾ ਉੱਚਿਤ ਤਰੀਕੇ ਨਾਲ ਮੁਲਾਂਕਣ ਕੀਤੇ ਬਿਨਾਂ ਇਸ ਮਹਾਵਪਾਰ ਸਮਝੌਤੇ ’ਤੇ ਹਸਤਾਖਰ ਕਰਨ ਲਈ ਵਚਨਬੱਧ ਨਹੀਂ ਹੈ।

ਸੋਨੀਆ ਨੇ ਆਰ. ਸੀ. ਈ. ਪੀ. ਨੂੰ ਲੈ ਕੇ ਬੋਲਿਆ ਸੀ ਸਰਕਾਰ ’ਤੇ ਹਮਲਾ

ਤੁਹਾਨੂੰ ਦੱਸ ਦੇਈਏ ਕਿ ਸੋਨੀਆ ਗਾਂਧੀ ਨੇ ਆਰ. ਸੀ. ਈ. ਪੀ. ਨੂੰ ਕਿਸਾਨਾਂ, ਦੁਕਾਨਦਾਰਾਂ ਅਤੇ ਛੋਟੇ ਉਦਮੀਆਂ ਖਿਲਾਫ ਦੱਸਿਆ ਸੀ। ਨਾਲ ਹੀ ਅਾਰਥਿਕ ਮੰਦੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਕਰਾਰੀ ਸੱਟ ਮਾਰੀ ਸੀ।

ਕੀ ਹੈ ਆਰ. ਸੀ. ਈ. ਪੀ. ਅਤੇ ਐੱਫ. ਟੀ. ਏ.

ਆਰ. ਸੀ. ਈ. ਪੀ. ਇਕ ਐੱਫ. ਟੀ. ਏ. ਯਾਨੀ ਆਜ਼ਾਦ ਵਪਾਰ ਸਮਝੌਤਾ ਹੈ। ਇਸ ਮੈਗਾ ਸੁਤੰਤਰ ਵਪਾਰ ਸਮਝੌਤੇ ’ਤੇ ਆਸਿਆਨ ਮੈਂਬਰ ਦੇਸ਼ਾਂ (ਬਰੂਨੇਈ, ਦਾਰੁਸਲਾਮ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਸ, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ) ਅਤੇ ਆਸਟਰੇਲੀਆ, ਚੀਨ, ਭਾਰਤ, ਜਾਪਾਨ, ਦੱਖਣ ਕੋਰੀਆ ਅਤੇ ਨਿਊਜ਼ੀਲੈਂਡ ਵਿਚਕਾਰ ਗੱਲਬਾਤ ਚੱਲ ਰਹੀ ਹੈ। ਜਿਨ੍ਹਾਂ ਮੁੱਦਿਆਂ ’ਤੇ ਗੱਲਬਾਤ ਚੱਲ ਰਹੀ ਹੈ, ਉਨ੍ਹਾਂ ’ਚ ਵਸਤੂ ਅਤੇ ਸੇਵਾ ਕਰ, ਨਿਵੇਸ਼, ਅਰਥਵਿਵਸਥਾ ਅਤੇ ਤਕਨੀਕੀ ਸਹਿਯੋਗ, ਬੌਧਿਕ ਜਾਇਦਾਦ, ਮੁਕਾਬਲੇਬਾਜ਼ੀ, ਈ-ਕਾਮਰਸ ਅਤੇ ਲਘੂ ਅਤੇ ਮੱਧ ਉਦਮ ਨਾਲ ਜੁਡ਼ੇ ਮੁੱਦੇ ਸ਼ਾਮਲ ਹਨ। ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਇਸ ਸਮਝੌਤੇ ’ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ।


Related News