ਅੱਤਵਾਦ ’ਤੇ ਪਾਕਿਸਤਾਨ ਨੂੰ ਬੇਨਕਾਬ ਕਰੇਗਾ ਭਾਰਤ

Saturday, May 17, 2025 - 10:07 AM (IST)

ਅੱਤਵਾਦ ’ਤੇ ਪਾਕਿਸਤਾਨ ਨੂੰ ਬੇਨਕਾਬ ਕਰੇਗਾ ਭਾਰਤ

ਨਵੀਂ ਦਿੱਲੀ- ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ’ਚ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਇਕ ਹਮਲਾਵਰ ਕੂਟਨੀਤਕ ਮੁਹਿੰਮ ਦੇ ਹਿੱਸੇ ਵਜੋਂ ਸਰਕਾਰ ਅਗਲੇ ਹਫ਼ਤੇ ਤੋਂ ਵੱਖ-ਵੱਖ ਦੇਸ਼ਾਂ ’ਚ ਕਈ ਬਹੁ-ਪਾਰਟੀ ਵਫ਼ਦ ਭੇਜੇਗੀ ਤਾਂ ਜੋ ਵਿਸ਼ਵ ਪੱਧਰ ’ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕੀਤਾ ਜਾ ਸਕੇ ਅਤੇ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਨੂੰ ਬੇਨਕਾਬ ਕੀਤਾ ਜਾ ਸਕੇ। ਸਰਕਾਰ ਨੇ ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਵੱਖ-ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਇਸ ਸਬੰਧੀ ਤਿਆਰ ਰਹਿਣ ਲਈ ਕਿਹਾ ਹੈ। ਕੁਝ ਪਾਰਟੀਆਂ ਨੇ ਕੂਟਨੀਤਕ ਯਤਨਾਂ ਲਈ ਆਪਣੇ ਮੈਂਬਰਾਂ ਨੂੰ ਭੇਜਣ ਲਈ ਸਹਿਮਤੀ ਦੇ ਦਿੱਤੀ ਹੈ। ਵਿਦੇਸ਼ ਜਾਣ ਵਾਲੇ ਇਨ੍ਹਾਂ ਵਫ਼ਦਾਂ ਦੀ ਗਿਣਤੀ ਜਾਂ ਉਨ੍ਹਾਂ ਦੇ ਮੈਂਬਰਾਂ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਪਰ ਕੁਝ ਆਗੂਆਂ ਨੇ ਕਿਹਾ ਕਿ 30 ਤੋਂ ਵੱਧ ਸੰਸਦ ਮੈਂਬਰ ਹੋ ਸਕਦੇ ਹਨ। ਇਹ ਵਫ਼ਦ 10 ਦਿਨਾਂ ਦੀ ਮਿਆਦ ਲਈਵੱਖ ਦੇਸ਼ਾਂ ਦਾ ਦੌਰਾ ਕਰਨਗੇ।

ਸੰਸਦ ਮੈਂਬਰ ਸਰਕਾਰ ਵੱਲੋਂ ਤੈਅ ਕੀਤੇ ਗਏ ਦੇਸ਼ਾਂ ਦਾ ਹੀ ਦੌਰਾ ਕਰਨਗੇ। ਵਿਦੇਸ਼ ਮੰਤਰਾਲਾ ਇਸ ਕੂਟਨੀਤਕ ਮਿਸ਼ਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਪੂਰੀ ਜਾਣਕਾਰੀ ਦੇਵੇਗਾ। ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਪਾਰਟੀਆਂ ਦੇ ਸੰਸਦ ਮੈਂਬਰ ਵਫ਼ਦ ਦਾ ਹਿੱਸਾ ਹੋਣਗੇ, ਉਨ੍ਹਾਂ ’ਚ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀ. ਐੱਮ. ਕੇ., ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ), ਜਨਤਾ ਦਲ (ਯੂ), ਬੀਜੂ ਜਨਤਾ ਦਲ, ਸੀ. ਪੀ. ਆਈ.(ਐੱਮ) ਅਤੇ ਕੁਝ ਹੋਰ ਸ਼ਾਮਲ ਹਨ। ਕੂਟਨੀਤਕ ਯਤਨਾਂ ਤੋਂ ਜਾਣੂ ਇਕ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ 22-23 ਮਈ ਤੱਕ 10 ਦਿਨਾਂ ਦੀ ਮਿਆਦ ਲਈ ਰਵਾਨਾ ਹੋਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ । ਵਿਦੇਸ਼ ਮੰਤਰਾਲਾ ਉਨ੍ਹਾਂ ਨਾਲ ਸੰਪਰਕ ’ਚ ਰਹੇਗਾ ਤਾਂ ਜੋ ਯਾਤਰਾ ਪ੍ਰੋਗਰਾਮ ਸਮੇਤ ਜ਼ਰੂਰੀ ਵੇਰਵੇ ਪ੍ਰਦਾਨ ਕੀਤੇ ਜਾ ਸਕਣ।

ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਓਡੀਸ਼ਾ ਤੋਂ ਭਾਜਪਾ ਦੇ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਇਨ੍ਹਾਂ ਵਫ਼ਦਾਂ ਦਾ ਹਿੱਸਾ ਬਣਨ ਵਾਲੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ’ਚ ਸ਼ਾਮਲ ਹਨ। ਸਰਕਾਰ ਦੀ ਸੂਚੀ ’ਚ ਸ਼ਾਮਲ ਕਾਂਗਰਸੀ ਸੰਸਦ ਮੈਂਬਰਾਂ ’ਚ ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਸਲਮਾਨ ਖੁਰਸ਼ੀਦ ਤੇ ਅਮਰ ਸਿੰਘ ਸ਼ਾਮਲ ਹਨ। ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ, ਜਨਤਾ ਦਲ (ਯੂ) ਦੇ ਸੰਜੇ ਝਾਅ, ਬੀਜਦ ਦੇ ਸਸਮਿਤ ਪਾਤਰਾ, ਐੱਨ. ਸੀ. ਪੀ. (ਸ਼ਰਦ) ਦੀ ਸੁਪ੍ਰਿਆ ਸੂਲੇ, ਡੀ. ਐੱਮ. ਕੇ. ਦੀ ਕਨੀਮੋਝੀ, ਸੀ. ਪੀ. ਆਈ.(ਐੱਮ) ਦੇ ਜੌਨ ਬ੍ਰਿਟਾਸ ਤੇ ਏ. ਆਈ. ਐੱਮ. ਆਈ. ਐੱਮ. ਦੇ ਅਸਦੁਦੀਨ ਓਵੈਸੀ ਨੂੰ ਵੀ ਵਫ਼ਦ ਦਾ ਹਿੱਸਾ ਬਣਨ ਲਈ ਕਿਹਾ ਗਿਆ ਹੈ।


author

Tanu

Content Editor

Related News