ਅੱਤਵਾਦ ਤੇ ਨਕਸਲੀ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ : ਮੋਦੀ
Saturday, May 24, 2025 - 12:35 AM (IST)

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉੱਤਰੀ-ਪੂਰਬੀ ਖੇਤਰ ਜੋ ਕਦੇ ‘ਬੰਬ ਧਮਾਕਿਆਂ, ਬੰਦੂਕਾਂ ਤੇ ਨਾਕਾਬੰਦੀ’ ਲਈ ਜਾਣਿਆ ਜਾਂਦਾ ਸੀ, ਹੁਣ ਬੇਮਿਸਾਲ ਤਰੱਕੀ ਕਰ ਰਿਹਾ ਹੈ। ਸਰਕਾਰ ਉਸ ਦੀ ਵਿਕਾਸ ਗਾਥਾ ਨੂੰ ਤੇਜ਼ ਕਰਨ ਲਈ ਦ੍ਰਿੜ੍ਹ ਸੰਕਲਪ ਹੈ।ਪ੍ਰਧਾਨ ਮੰਤਰੀ ਨੇ ਇਹ ਗੱਲ ‘ਰਾਈਜ਼ਿੰਗ ਨਾਰਥ-ਈਸਟ ਇਨਵੈਸਟਰਜ਼ ਸਮਿਟ’ ਵਿਚ ਸ਼ੁੱਕਰਵਾਰ ਨੂੰ ਕਹੀ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ 2 ਰਣਨੀਤਿਕ ਖੇਤਰਾਂ ਊਰਜਾ ਤੇ ਸੈਮੀਕੰਡਕਟਰ ਲਈ ਇਕ ਪ੍ਰਮੁੱਖ ਮੰਜ਼ਿਲ ਵਜੋਂ ਉੱਭਰ ਰਿਹਾ ਹੈ। ਭਾਰਤ ਦੇ ਸੈਮੀਕੰਡਕਟਰ ਸੈਕਟਰ ਨੂੰ ਮਜ਼ਬੂਤ ਕਰਨ ’ਚ ਆਸਾਮ ਦੀ ਭੂਮਿਕਾ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲੀ ‘ਮੇਡ ਇਨ ਇੰਡੀਆ’ ਚਿੱਪ ਜਲਦੀ ਹੀ ਉੱਤਰ-ਪੂਰਬ ’ਚ ਇਕ ਸੈਮੀਕੰਡਕਟਰ ਪਲਾਂਟ ਤੋਂ ਲਾਂਚ ਕੀਤੀ ਜਾਵੇਗੀ, ਜੋ ਇਸ ਖੇਤਰ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ। ਕਿਸੇ ਵੀ ਖੇਤਰ ਦੇ ਵਿਕਾਸ ਲਈ ਸ਼ਾਂਤੀ ਤੇ ਕਾਨੂੰਨ ਵਿਵਸਥਾ ਸਭ ਤੋਂ ਅਹਿਮ ਕਾਰਕ ਹੁੰਦੇ ਹਨ। ਭਾਵੇਂ ਇਹ ਅੱਤਵਾਦ ਹੋਵੇ ਜਾਂ ਨਕਸਲਵਾਦ, ਸਾਡੀ ਸਰਕਾਰ ਦੀ ਨੀਤੀ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਰੇ ਉੱਤਰੀ-ਪੂਰਬੀ ਸੂਬਿਆਂ ’ਚ ਪਣ-ਬਿਜਲੀ ਤੇ ਸੂਰਜੀ ਊਰਜਾ ’ਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ। ਕਈ ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਉੱਤਰ-ਪੂਰਬ ਇਕ ਪ੍ਰਫੁੱਲਿਤ ਜੈਵਿਕ-ਅਰਥਵਿਵਸਥਾ ਤੇ ਬਾਂਸ ਉਦਯੋਗ, ਚਾਹ ਉਤਪਾਦਨ, ਪੈਟਰੋਲੀਅਮ, ਖੇਡਾਂ ਤੇ ਹੁਨਰ ਦੇ ਨਾਲ-ਨਾਲ ਈਕੋ-ਟੂਰਿਜ਼ਮ ਲਈ ਉੱਭਰਦਾ ਹੋਇਆ ਕੇਂਦਰ ਹੈ। ਇਹ ਖੇਤਰ ਜੈਵਿਕ ਵਸਤਾਂ ਲਈ ਰਾਹ ਪੱਧਰਾ ਕਰ ਰਿਹਾ ਹੈ ਤੇ ਊਰਜਾ ਦਾ ਕੇਂਦਰ ਹੈ।
ਦੋ-ਰੋਜ਼ਾ ਸਮਾਗਮ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉੱਤਰੀ-ਪੂਰਬੀ ਖੇਤਰ ਬੇਮਿਸਾਲ ਤਰੱਕੀ ਦਾ ਗਵਾਹ ਬਣ ਰਿਹਾ ਹੈ। ਅਸੀਂ ਇਸ ਦੇ ਵਿਕਾਸ ਦੀ ਕਹਾਣੀ ਨੂੰ ਤੇਜ਼ ਕਰਨ ਲਈ ਵਚਨਬੱਧ ਹਾਂ। ਉਕਤ ਸਮਿਟ ’ਚ ਉੱਤਰੀ-ਪੂਰਬੀ ਖੇਤਰ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਅਧਿਕਾਰੀ, ਡਿਪਲੋਮੈਟ ਤੇ ਹੋਰ ਪ੍ਰਮੁੱਖ ਵਿਅਕਤੀ ਸ਼ਾਮਲ ਹੋਏ। ਉਦਘਾਟਨੀ ਸੈਸ਼ਨ ’ਚ ਉਦਯੋਗਪਤੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਅਨਿਲ ਅਗਰਵਾਲ ਤੇ ਹੋਰ ਸ਼ਾਮਲ ਹੋਏ।
ਪਿਛਲੇ 10-11 ਸਾਲਾਂ ’ਚ 10,000 ਨੌਜਵਾਨਾਂ ਨੇ ਹਥਿਆਰ ਸੁੱਟੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਂਤੀ ਸਮਝੌਤੇ ਲਈ ਸਰਕਾਰ ਦੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਪਿਛਲੇ 10-11 ਸਾਲਾਂ ’ਚ 10,000 ਨੌਜਵਾਨਾਂ ਨੇ ਹਥਿਆਰ ਸੁੱਟੇ ਤੇ ਸ਼ਾਂਤੀ ਦਾ ਰਾਹ ਅਪਣਾਇਆ। ਇਸ ਤਬਦੀਲੀ ਨੇ ਉੱਤਰ-ਪੂਰਬੀ ਖੇਤਰ ’ਚ ਰੁਜ਼ਗਾਰ ਅਤੇ ਉੱਦਮਤਾ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਮੋਦੀ ਨੇ ਆਪਣੀ ਸਰਕਾਰ ਲਈ ਕਿਹਾ ਕਿ ‘ਪੂਰਬ’ ਦਾ ਅਰਥ ਹੈ ‘ਸਸ਼ਕਤੀਕਰਨ, ਸ਼ਮੂਲੀਅਤ, ਮਜ਼ਬੂਤੀਕਰਨ ਅਤੇ ਤਬਦੀਲੀ’ ਜੋ ਖੇਤਰ ਲਈ ਨੀਤੀਗਤ ਢਾਂਚੇ ਨੂੰ ਪਰਿਭਾਸ਼ਿਤ ਕਰਦੀ ਹੈ। ਇਸ ਪਹੁੰਚ ਨੇ ਪੂਰਬੀ ਭਾਰਤ, ਖਾਸ ਕਰ ਕੇ ਉੱਤਰ-ਪੂਰਬ ਨੂੰ ਦੇਸ਼ ਦੇ ਵਿਕਾਸ ਮਾਰਗ ਦੇ ਕੇਂਦਰ ’ਚ ਰੱਖਿਆ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ‘ਲੁੱਕ ਈਸਟ’ ਤੋਂ ਲੈ ਕੇ ਪੂਰਬ ਵੱਲ ਕੰਮ ਕਰਨ ਤੱਕ ਇਕ ਸਰਗਰਮ ਪਹੁੰਚ ਅਪਣਾਈ ਹੈ। ਇਸ ਦੇ ਨਤੀਜੇ ਵਿਖਾਈ ਦੇ ਰਹੇ ਹਨ।