1 ਕਿਲੋ ਸੋਨਾ, 7 ਕਿਲੋ ਚਾਂਦੀ ਤੇ ਹੀਰਿਆਂ ਨਾਲ ਬਣੀਆਂ ਚਰਨ ਪਾਦੂਕਾਵਾਂ, ਰਾਮ ਮੰਦਰ ''ਚ ਹੋਣਗੀਆਂ ਸਥਾਪਤ
Monday, Dec 18, 2023 - 12:53 PM (IST)
ਨਵੀਂ ਦਿੱਲੀ- 22 ਜਨਵਰੀ 2024 ਦਾ ਦਿਨ ਬੇਹੱਦ ਖ਼ਾਸ ਹੈ, ਕਿਉਂਕਿ ਇਸ ਦਿਨ ਅਯੁੱਧਿਆ 'ਚ ਭਗਵਾਨ ਸ਼੍ਰੀਰਾਮ ਦੇ ਨਵੇਂ ਬਣੇ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਇਸ ਨੂੰ ਲੈ ਕੇ ਰਾਮ ਨਗਰੀ 'ਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮਗਰੋਂ ਭਗਵਾਨ ਦੀਆਂ ਚਰਨ ਪਾਦੂਕਾਵਾਂ ਵੀ ਉੱਥੇ ਸਥਾਪਤ ਕੀਤੀਆਂ ਜਾਣਗੀਆਂ। ਇਹ ਚਰਨ ਪਾਦੂਕਾਵਾਂ 19 ਜਨਵਰੀ ਨੂੰ ਅਯੁੱਧਿਆ ਪਹੁੰਚਣਗੀਆਂ।
1 ਕਿਲੋ ਸੋਨਾ, 7 ਕਿਲੋ ਚਾਂਦੀ ਨਾਲ ਬਣੀਆਂ ਚਰਨ ਪਾਦੂਕਾ
ਦੱਸ ਦੇਈਏ ਕਿ ਇਹ ਚਰਨ ਪਾਦੂਕਾਵਾਂ 1 ਕਿਲੋ ਸੋਨਾ ਅਤੇ 7 ਕਿਲੋ ਚਾਂਦੀ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ 'ਚ ਬੇਸ਼ਕੀਮਤੀ ਹੀਰਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਪਾਦੂਕਾਵਾਂ ਨੂੰ ਹੈਦਰਾਬਾਦ ਦੇ ਸ਼੍ਰੀਚੱਲਾ ਸ਼੍ਰੀਨਿਵਾਸ ਸ਼ਾਸਤਰੀ ਨੇ ਬਣਾਇਆ ਹੈ। ਇਨ੍ਹਾਂ ਪਾਦੂਕਾਵਾਂ ਨੂੰ ਐਤਵਾਰ ਨੂੰ ਅਹਿਮਦਾਬਾਦ ਲਿਆਂਦਾ ਗਿਆ। ਇਨ੍ਹਾਂ ਨੂੰ ਤਿਰੂਪਤੀ ਬਾਲਾਜੀ ਮੰਦਰ 'ਚ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇੱਥੋਂ ਸੋਮਨਾਥ ਜੋਤੀਲਿੰਗ ਧਾਮ, ਦੁਆਰਕਾਧੀਸ਼ ਨਗਰੀ ਅਤੇ ਇਸ ਤੋਂ ਬਾਅਦ ਬਦਰੀਨਾਥ ਵਰਗੇ ਧਾਮਾਂ ਵਿਚ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਪਾਦੂਕਾ ਨੂੰ ਅਯੁੱਧਿਆ ਦੇ ਸ਼੍ਰੀਰਾਮ ਮੰਦਰ 'ਚ ਸਥਾਪਤ ਕੀਤਾ ਜਾਵੇਗਾ।
ਰਾਮ ਮੰਦਰ ਦੀ ਪਹਿਲੀ ਮੰਜ਼ਿਲ ਲਗਭਗ ਤਿਆਰ
ਦੱਸ ਦੇਈਏ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਪਹਿਲੀ ਮੰਜ਼ਿਲ ਲਗਭਗ ਤਿਆਰ ਹੈ। ਹੁਣ ਫਰਸ਼ 'ਤੇ ਪੱਥਰ ਦੀ ਰਗੜਾਈ ਅਤੇ ਖੰਭਿਆਂ 'ਤੇ ਨੱਕਾਸ਼ੀ ਦਾ ਕੰਮ ਅੰਤਿਮ ਰੂਪ 'ਚ ਹੈ। ਰਾਮ ਮੰਦਰ ਟਰੱਸਟ ਨੇ ਦਾਅਵਾ ਕੀਤਾ ਹੈ ਕਿ ਦਸੰਬਰ ਦੇ ਅਖ਼ੀਰ ਤੱਕ ਪਹਿਲੀ ਮੰਜ਼ਿਲ ਦੀ ਫਿਨਿਸ਼ਿੰਗ ਅਤੇ ਉਸਾਰੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਇੰਜੀਨੀਅਰਾਂ ਦੀ ਦੇਖ-ਰੇਖ 'ਚ 8 ਘੰਟੇ ਦੀਆਂ 3 ਸ਼ਿਫਟਾਂ 'ਚ ਮੰਦਰ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ।