ਆਫ਼ ਦਿ ਰਿਕਾਰਡ: ਹੁਣ ਪੀ. ਚਿਦਾਂਬਰਮ ਕਿਉਂ ਪਾ ਰਹੇ ਹਨ ਰੌਲਾ?
Sunday, Oct 24, 2021 - 10:18 AM (IST)
ਨੈਸ਼ਨਲ ਡੈਸਕ- ਭਾਰਤ ਵਿਚ ਕੋਰੋਨਾ ਮਹਾਮਾਰੀ ਦੌਰਾਨ ਮੋਦੀ ਸਰਕਾਰ ਨੇ ਜਨਤਕ ਖੇਤਰ ਦੇ ਅਦਾਰਿਆਂ (ਪੀ. ਐੱਸ. ਯੂ.) ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਜਿਸ ਢੰਗ ਨਾਲ ਮੋਦੀ ਨੇ ਏਅਰ ਇੰਡੀਆ ਨੂੰ ਟਾਟਾ ਕੋਲ ਵੇਚਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਪਿਛਲੇ ਸਮੇਂ ਵਿਚ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਦੀ ਵਿਕਰੀ ਕਰਨ ਵਿਚ ਦੇਰੀ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਸੰਕਲਪ ਹਨ।
ਓਧਰ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਕਹਿੰਦੇ ਹਨ ਕਿ ਮੋਦੀ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਵਿਚ ਸੰਚਾਲਿਤ ਵਿਨਿਵੇਸ਼ ਦੀ ਪ੍ਰਕਿਰਿਆ ਸਾਜ਼ਿਸ਼ ਨੂੰ ਦਰਸਾਉਂਦੀ ਹੈ ਪਰ ਉਹ ਇਹ ਸਮਝਣ ਵਿਚ ਨਾਕਾਮ ਰਹੇ ਹਨ ਕਿ ਕਿਵੇਂ ਯੂ. ਪੀ. ਏ. ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਾਲਾਂ ਤੋਂ ਲਾਭ ਕਮਾਉਣ ਵਾਲੀ ਏਅਰ ਇੰਡੀਆ ਘਾਟੇ ਵਿਚ ਚੱਲ ਰਹੇ ਅਦਾਰੇ ਵਿਚ ਬਦਲ ਗਈ। ਨਾਲ ਹੀ ਇਹ ਗੱਲ ਵੀ ਸਪੱਸ਼ਟ ਹੈ ਕਿ ਮੋਦੀ ਵਿਨਿਵੇਸ਼ ਪ੍ਰਕਿਰਿਆ ਦੇ ਜਨਮਦਾਤਾ ਨਹੀਂ ਹਨ। ਇਸ ਦਾ ਸਿਹਰਾ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੂੰ ਜਾਂਦਾ ਹੈ, ਜਿਨ੍ਹਾਂ ਨੇ 1991 ਵਿਚ ਡਾ. ਮਨਮੋਹਨ ਸਿੰਘ ਦੇ ਵਿੱਤ ਮੰਤਰੀ ਅਤੇ ਪੀ. ਚਿਦਾਂਬਰਮ ਦੇ ਵਪਾਰ ਰਾਜ ਮੰਤਰੀ ਹੁੰਦਿਆਂ ਉਕਤ ਪ੍ਰਕਿਰਿਆ ਸ਼ੁਰੂ ਕੀਤੀ ਸੀ।
ਇਹ ਰਿਕਾਰਡ ਹੈ ਕਿ 31 ਜਨਤਕ ਅਦਾਰਿਆਂ ਨੂੰ 1991 ਤੋਂ 1996 ਦਰਮਿਆਨ ਸਿਰਫ 3038 ਕਰੋੜ ਰੁਪਏ ਵਿਚ ਵੇਚ ਦਿੱਤਾ ਗਿਆ। ਵਾਜਪਾਈ ਸਰਕਾਰ ਨੇ ਦਸੰਬਰ 1999 ਵਿਚ ਇਕ ਵੱਖਰਾ ਵਿਨਿਵੇਸ਼ ਵਿਭਾਗ ਬਣਾ ਕੇ ਇਸ ਨੂੰ ਇਕ ਕਦਮ ਹੋਰ ਅੱਗੇ ਵਧਾਇਆ ਅਤੇ ਸਵ. ਅਰੁਣ ਜੇਤਲੀ ਸਰਕਾਰ ਵਿਚ ਪਹਿਲੀ ਵਾਰ ਮੰਤਰੀ ਬਣੇ ਤਾਂ ਉਨ੍ਹਾਂ ਮਾਡਰਨ ਫੂਡਜ਼ (ਦਿੱਲੀ ਮਿਲਕ ਸਕੀਮ ਸਮੇਤ) ਨੂੰ ਹਿੰਦੋਸਤਾਨ ਲੀਵਰ ਨੂੰ ਵੇਚ ਦਿੱਤਾ।
ਸ਼ੁਰੂ ਵਿਚ ਵਿਨਿਵੇਸ਼ ਆਈ. ਓ. ਸੀ., ਬੀ. ਪੀ. ਸੀ. ਐੱਲ., ਐੱਚ. ਪੀ. ਸੀ. ਐੱਲ., ਗੇਲ ਅਤੇ ਵੀ. ਐੱਸ. ਐੱਨ. ਐੱਲ. ਵਰਗੀਆਂ ਵੱਡੀਆਂ ਕੰਪਨੀਆਂ ਵਿਚ ਸ਼ੇਅਰਾਂ ਦੀ ਵਿਕਰੀ ਤੱਕ ਸੀਮਤ ਸੀ। ਬਾਅਦ ਵਿਚ ਬਾਲਕੋ, ਹਿੰਦੋਸਤਾਨ ਜ਼ਿੰਕ, ਸੀ. ਐੱਮ. ਸੀ., ਸੈਂਟੋਰ, ਆਈ. ਟੀ. ਡੀ. ਸੀ. ਦੇ ਪ੍ਰੀਮੀਅਰ ਹੋਟਲ, ਆਈ. ਪੀ. ਸੀ. ਐੱਲ., ਮਾਰੂਤੀ-ਸੁਜ਼ੂਕੀ ਇੰਡੀਆ ਅਤੇ ਹੋਰਨਾਂ ਕੰਪਨੀਆਂ ਦੇ ਲਾਕ, ਸਟਾਕ ਅਤੇ ਬੈਰਲ ਵੇਚੇ ਗਏ। ਫਿਰ ਪ੍ਰਧਾਨ ਮੰਤਰੀ ਵਜੋਂ ਡਾ. ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਵਜੋਂ ਪੀ. ਚਿਦਾਂਬਰਮ ਦਾ ਯੁੱਗ ਆਇਆ, ਜਿਨ੍ਹਾਂ ਨੇ ਯੂ. ਪੀ. ਏ. ਸਰਕਾਰ ਦੇ 10 ਸਾਲ ਦੇ ਰਾਜ ਦੌਰਾਨ ਇਕ ਤੋਂ ਬਾਅਦ ਇਕ ਜਨਤਕ ਅਦਾਰਿਆਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ।
ਕੋਈ ਚਿਦਾਂਬਰਮ ਨੂੰ ਪੁੱਛ ਸਕਦਾ ਹੈ ਕਿ ਉਹ ਹੁਣ ਵਿਨਿਵੇਸ਼ ਨੂੰ ਇਕ ਸਾਜ਼ਿਸ਼ਕਾਰੀ ਪ੍ਰਕਿਰਿਆ ਵਜੋਂ ਕਿਉਂ ਵੇਖਦੇ ਹਨ? ਜਦੋਂ ਮੋਦੀ ਜਨਤਕ ਅਦਾਰਿਆਂ ਨੂੰ ਵੇਚਦੇ ਹਨ ਤਾਂ ਉਹ ਅੱਥਰੂ ਵਹਾਉਂਦੇ ਹਨ ਪਰ ਖੁਦ ਭੁੱਲ ਜਾਂਦੇ ਹਨ ਕਿ ਨਾਰਥ ਬਲਾਕ ਵਿਚ ਆਪਣੇ ਸੁਨਹਿਰੀ ਦਿਨਾਂ ਦੌਰਾਨ ਉਹ ਖੁਦ ਇੰਝ ਕਰਨ ਵਿਚ ਸਭ ਤੋਂ ਅੱਗੇ ਸਨ।