ਸਿੱਖਿਆ ਮੰਤਰੀ ਦਾ ਦਾਅਵਾ, ਮਿਜ਼ੋਰਮ ਦੇ ਸਕੂਲਾਂ ''ਚ ਪੜ੍ਹ ਰਹੇ 8,000 ਤੋਂ ਵੱਧ ਸ਼ਰਨਾਰਥੀ

08/09/2023 12:30:06 PM

ਆਈਜੋਲ- ਮਿਆਂਮਾਰ ਅਤੇ ਬੰਗਲਾਦੇਸ਼ ਦੇ ਸ਼ਰਨਾਰਥੀਆਂ ਅਤੇ ਹਿੰਸਾ ਪ੍ਰਭਾਵਿਤ ਮਣੀਪੁਰ ਦੇ ਅੰਦਰੂਨੀ ਤੌਰ 'ਤੇ ਬੇਘਰ ਲੋਕਾਂ ਦੇ 8 ਹਜ਼ਾਰ ਤੋਂ ਵੱਧ ਬੱਚੇ ਮਿਜ਼ੋਰਮ ਦੇ ਸਕੂਲਾਂ 'ਚ ਪੜ੍ਹ ਰਹੇ ਹਨ। ਮਿਜ਼ੋਰਮ ਦੇ ਸਿੱਖਿਆ ਮੰਤਰੀ ਲਾਲਚੰਦਾਮਾ ਰਾਲਤੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੜ੍ਹ ਰਹੇ 8,119 ਬੱਚਿਆਂ 'ਚੋਂ 6,366 ਬੱਚੇ ਮਿਆਂਮਾਰ ਤੋਂ, 250 ਬੱਚੇ ਬੰਗਲਾਦੇਸ਼ ਤੋਂ ਅਤੇ 1503 ਬੱਚੇ ਮਣੀਪੁਰ ਤੋਂ ਹਨ।

ਰਾਲਤੇ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਥਾਨਕ ਵਿਦਿਆਰਥੀਆਂ ਵਾਂਗ ਹੀ ਮੁਫ਼ਤ ਸਕੂਲੀ ਵਰਦੀਆਂ, ਕਿਤਾਬਾਂ ਅਤੇ ਮਿਡ-ਡੇ-ਮੀਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿਜ਼ੋਰਮ ਸਰਕਾਰ ਆਦਿਵਾਸੀਆਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਿੱਖਿਆ ਮੰਤਰੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਮਿਜ਼ੋਰਮ ਸਰਕਾਰ ਜੋ ਦੁਨੀਆ ਦੇ ਆਦਿਵਾਸੀਆਂ ਨੂੰ ਇਕ ਮੰਨਦੀ ਹੈ। ਸਾਡਾ ਇਹ ਸਿਧਾਂਤ ਸਿੱਖਿਆ ਖੇਤਰ ਵਿਚ ਵੀ ਨਜ਼ਰ ਆਉਂਦਾ ਹੈ। ਸਰਕਾਰ ਨਾ ਸਿਰਫ਼ ਲੋੜਵੰਦਾਂ ਨੂੰ ਆਸਰਾ ਦਿੰਦੀ ਹੈ, ਸਗੋਂ ਸਿੱਖਿਆ ਵੀ ਦਿੰਦੀ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ 44 ਸ਼ਰਨਾਰਥੀ ਬੱਚਿਆਂ ਨੇ 2022 'ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ 'ਚੋਂ 31 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 28 ਵਿਦਿਆਰਥੀਆਂ ਨੇ 90.32 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ। ਮਿਆਂਮਾਰ ਅਤੇ ਬੰਗਲਾਦੇਸ਼ ਤੋਂ ਕੁਕੀ-ਚਿਨ ਭਾਈਚਾਰੇ ਦੇ ਹਜ਼ਾਰਾਂ ਸ਼ਰਨਾਰਥੀਆਂ ਨੇ ਮਿਜ਼ੋਰਮ ਵਿਚ ਸ਼ਰਨ ਲਈ ਹੈ। ਫਰਵਰੀ 2021 ਵਿਚ ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਵੱਡੀ ਗਿਣਤੀ ਵਿਚ ਨਾਗਰਿਕ ਉੱਥੋਂ ਆਏ, ਖਾਸ ਕਰਕੇ ਉੱਥੋਂ ਦੇ ਚਿਨ ਰਾਜ ਤੋਂ ਵੱਡੀ ਗਿਣਤੀ 'ਚ ਨਾਗਰਿਕ ਆਏ ਅਤੇ ਮਿਜ਼ੋਰਮ ਵਿਚ ਸ਼ਰਨ ਲਈ। ਪਿਛਲੇ ਸਾਲ ਬੰਗਲਾਦੇਸ਼ 'ਚ ਇਕ ਅੱਤਵਾਦੀ ਸਮੂਹ ਦੇ ਖਿਲਾਫ ਫੌਜੀ ਕਾਰਵਾਈ ਤੋਂ ਬਾਅਦ ਚਟਗਾਂਗ ਪਹਾੜੀ ਟ੍ਰੈਕਟ (CHT) ਤੋਂ ਬਹੁਤ ਸਾਰੇ ਲੋਕ ਮਿਜ਼ੋਰਮ ਪਹੁੰਚ ਗਏ ਸਨ। ਮਣੀਪੁਰ ਤੋਂ ਅੰਦਰੂਨੀ ਤੌਰ 'ਤੇ ਬੇਘਰ ਕੁਕੀ ਭਾਈਚਾਰੇ ਦੇ ਕਈ ਲੋਕਾਂ ਨੇ ਵੀ ਮੈਤੇਈ ਭਾਈਚਾਰੇ ਨਾਲ ਝੜਪਾਂ ਅਤੇ ਮਈ 'ਚ ਨਸਲੀ ਹਿੰਸਾ ਦੇ ਫੈਲਣ ਤੋਂ ਬਾਅਦ ਮਿਜ਼ੋਰਮ 'ਚ ਸ਼ਰਨ ਲਈ ਹੈ।
 


Tanu

Content Editor

Related News