ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼, ਸਿਰਸਾ ਨੇ ਜਤਾਈ ਨਾਰਾਜ਼ਗੀ
Saturday, Sep 18, 2021 - 04:55 PM (IST)
ਨਵੀਂ ਦਿੱਲੀ- ਚਾਣਕਿਆਪੁਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਿਯਮਾਂ ਦੀ ਉਲੰਘਣ ਮਾਮਲੇ ’ਚ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਪ੍ਰਸ਼ਾਸਨ ਦੇ ਇਸ ਆਦੇਸ਼ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੰਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਚਾਣਕਿਆਪੁਰੀ ਦੇ ਸਬ-ਡਿਵੀਜ਼ਨਲ ਮੈਜਿਸਟਰੇਟ (ਐੱਸ.ਡੀ.ਐੱਮ.) ਨੇ 16 ਸਤੰਬਰ ਨੂੰ ਇਹ ਆਦੇਸ਼ ਜਾਰੀ ਕੀਤਾ ਸੀ, ਜਿਸ ’ਚ ਕਿਹਾ ਗਿਆ ਹੈ ਕਿ ਕਾਰਜਕਾਰੀ ਮੈਜਿਸਟਰੇਟ ਵਲੋਂ ਪੇਸ਼ ਇਕ ਰਿਪੋਰਟ ’ਚ ਪਾਇਆ ਗਿਆ ਕਿ ਬੰਗਲਾ ਸਾਹਿਬ ਗੁਰਦੁਆਰੇ ਦੇ ਪ੍ਰਬੰਧਨ ਨੇ ਡੀ.ਡੀ.ਐੱਮ.ਏ. ਦੇ ਨਿਰਦੇਸ਼ਾਂ ਦਾ ਉਲੰਘਣ ਕਰਦੇ ਹੋਏ ‘ਗੁਰਦੁਆਰੇ ਦੇ ਅੰਦਰ ਸੰਗਤ/ਅਰਦਾਸ ਦੀ ਮਨਜ਼ੂਰੀ ਦਿੱਤੀ।’’ ਆਦੇਸ਼ ’ਚ ਬੰਗਲਾ ਸਾਹਿਬ ਗੁਰਦੁਆਰੇ ਨੂੰ ਤੁਰੰਤ ਪ੍ਰਭਾਵ ਨਾਲ ਸੰਗਤਾਂ ਲਈ ਬੰਦ ਕਰਨ ਲਈ ਕਿਹਾ ਗਿਆ ਹੈ।
दिल्ली सरकार के अधिकारों ने घटियापन की सारी हदें पार की!
— Manjinder Singh Sirsa (@mssirsa) September 18, 2021
SDM, Chanakyapuri आज ऑर्डर पास कर रही हैं कि गुरुद्वारा श्री बंगला साहिब को covid violations के कारण बंद किया जाए
मैं @ArvindKejriwal जी से concerned DC और SDM गीता ग्रोवर के ख़िलाफ़ सख़्त से सख़्त कार्रवाई की माँग करता हूँ pic.twitter.com/jT7MItGCKL
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਪਹਿਲਾਂ ਧਾਰਮਿਕ ਸਥਾਨਾਂ ਨੂੰ ਮੁੜ ਖੋਲ੍ਹਣ ਦਾ ਆਦੇਸ਼ ਦਿੱਤਾ ਸੀ ਪਰ ਕੋਰੋਨਾ ਵਾਇਰਸ ਸੰਕਰਮਣ ਦੇ ਪ੍ਰਸਾਰ ਨੂੰ ਰੋਕਣ ਲਈ ਸੰਗਤਾਂ ਦੇ ਪ੍ਰਵੇਸ਼ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਵਿਚ, ਸ਼੍ਰੋਮਣੀ ਅਕਾਲੀ ਦਲ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਚਾਣਕਿਆਪੁਰੀ ਐੱਸ.ਡੀ.ਐੱਮ. ਦੇ ਆਦੇਸ਼ ’ਤੇ ਨਾਰਾਜ਼ਗੀ ਜਤਾਈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਜ਼ਿਲ੍ਹੇ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਟਵਿੱਟਰ ’ਤੇ ਇਕ ਵੀਡੀਓ ਸੰਦੇਸ਼ ’ਚ ਉਨ੍ਹਾਂ ਨੇ ਕਿਹਾ,‘‘ਐੱਸ.ਡੀ.ਐੱਮ. ਚਾਣਕਿਆਪੁਰੀ ਵਲੋਂ ਇਹ ਆਦੇਸ਼ ਪਾਸ ਕਰ ਕੇ ਕੋਰੋਨਾ ਉਲੰਘਣ ਦੇ ਦੋਸ਼ ’ਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨੂੰ ਬੰਦ ਕਰਨ ਲਈ ਕਾਰਵਾਈ ਕੀਤੀ ਗਈ। ਅਸੀਂ ਦਿੱਲੀ ਸਰਕਾਰ ਦੀ ਇਸ ਬੀਮਾਰ ਮਾਨਸਿਕਤਾ ਦੀ ਨਿੰਦਾ ਕਰਦੇ ਹਾਂ ਅਤੇ ਅਰਵਿੰਦ ਕੇਜਰੀਵਾਲ ਜੀ ਨਾਲ ਸੰਬੰਧਤ ਡੀ.ਸੀ. ਅਤੇ ਐੱਸ.ਡੀ.ਐੱਮ. ਗੀਤਾ ਗਰੋਵਰ ਵਿਰੁੱਧ ਸਖ਼ਤ ਕਾਰਵਾਈਦੀ ਮੰਗ ਕਰਦੇ ਹਨ।’’ ਸਿਰਸਾ ਨੇ ਕਿਹਾ ਕਿ ਉਸ ਗੁਰਦੁਆਰੇ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਨੇ ਕੋਰੋਨਾ ਦੀ ਦੂਜੀ ਲਹਿਰ ਅਤੇ ਲਾਕਡਾਊਨ ਦੌਰਾਨ ਲੰਗਰ (ਮੁਫ਼ਤ ਭੋਜਨ ਸੇਵਾ) ਦਾ ਆਯੋਜਨ, ਮਰੀਜ਼ਾਂ ਲਈ ਬਿਸਤਰਿਆਂ ਦੀ ਵਿਵਸਥਾ ਕਰ ਕੇ ਕਈ ਲੋਕਾਂ ਦੀ ਮਦਦ ਕੀਤੀ ਹੈ। ਚਾਣਕਿਆਪੁਰੀ ਐੱਸ.ਡੀ.ਐੱਮ. ਦਫ਼ਤਰ ਨੇ ਹਾਲਾਂਕਿ ਕਿਹਾ ਕਿ ਜੋ ਕੁਝ ਵੀ ਹੋਇਆ ਹੈ, ਉਹ ਡੀ.ਡੀ.ਐੱਮ.ਏ. ਦੇ ਆਦੇਸ਼ ਅਨੁਸਾਰ ਹੋਇਆ ਹੈ। ਉਸ ਨੇ ਇਸ ’ਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕੀਤਾ।