ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਭੜਕਾਊ ਭਾਸ਼ਣ ਦੇਣ ਵਾਲਿਆਂ ''ਤੇ ਕਾਰਵਾਈ ਦੀ ਕੀਤੀ ਮੰਗ
Saturday, Feb 29, 2020 - 10:06 AM (IST)
ਨਵੀਂ ਦਿੱਲੀ— ਕਈ ਗੈਰ-ਕਾਂਗਰਸੀ ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਹਿੰਸਾ ਪ੍ਰਭਾਵਿਤ ਉੱਤਰੀ-ਪੂਰਬੀ ਦਿੱਲੀ ਵਿਚ ਸ਼ਾਂਤੀ ਬਹਾਲੀ ਅਤੇ ਭੜਕਾਊ ਬਿਆਨ ਦੇਣ ਵਾਲਿਆਂ 'ਤੇ ਸਰਕਾਰ ਨੂੰ ਨਿਰਦੇਸ਼ ਦੇਣ। ਰਾਸ਼ਟਰਵਾਦੀ ਕਾਂਗਰਸ ਪਾਰਟੀ, ਮਾਕਪਾ, ਭਾਕਪਾ, ਰਾਜਦ, ਡੀ. ਐੱਮ. ਕੇ. ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਰਾਸ਼ਟਰੀ ਰਾਜਧਾਨੀ ਦੇ ਹਾਲਾਤ 'ਤੇ ਚਰਚਾ ਲਈ ਕੋਵਿੰਦ ਨਾਲ ਮਿਲਣ ਦਾ ਸਮਾਂ ਮੰਗਿਆ ਹੈ।
ਚਿੱਠੀ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਵਰਗੇ ਸਬੰਧਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਲੋਕਾਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਜਲਦ ਤੋਂ ਜਲਦ ਸ਼ਾਂਤੀ ਬਹਾਲੀ ਯਕੀਨੀ ਹੋਵੇ ਅਤੇ ਭੜਕਾਉਣ ਬਿਆਨ ਦੇਣ ਵਾਲਿਆਂ ਦੇ ਵਿਰੁੱਧ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਜਾਵੇ।ਇਸ ਚਿੱਠੀ ਵਿਚ ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਲੋਕਤੰਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਰਾਕਾਂਪਾ ਦੇ ਪ੍ਰਫੁੱਲ ਪਟੇਲ, ਡੀ. ਐੱਮ. ਕੇ. ਨੇਤਾ ਟੀ. ਆਰ. ਬਾਲੂ, ਭਾਕਪਾ ਦੇ ਡੀ. ਰਾਜਾ, ਰਾਜਦ ਦੇ ਮਨੋਜ ਝਾਅ ਅਤੇ 'ਆਪ' ਦੇ ਸੰਜੇ ਸਿੰਘ ਦੇ ਹਸਤਾਖਰ ਹਨ।ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਭੜਕੀ ਹਿੰਸਾ 'ਚ 39 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।