ਵਿਰੋਧੀ ਦਲਾਂ ਨੇ ਮਿਲ ਕੇ ਲੜਨ ਦਾ ਲਿਆ ਸੰਕਲਪ, ਅਗਲੀ ਬੈਠਕ ਸ਼ਿਮਲਾ 'ਚ
Friday, Jun 23, 2023 - 05:30 PM (IST)

ਪਟਨਾ (ਭਾਸ਼ਾ)- ਵਿਰੋਧੀ ਧਿਰ ਦੇ 15 ਸਿਆਸੀ ਦਲਾਂ ਦੇ ਨੇਤਾਵਾਂ ਨੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਸਾਂਝੀ ਰਣਨੀਤੀ ਤੈਅ ਕਰਨ ਲਈ ਸ਼ੁੱਕਰਵਾਰ ਨੂੰ ਮੈਰਾਥਨ ਬੈਠਕ ਕੀਤੀ, ਜਿਸ 'ਚ ਇਹ ਫ਼ੈਸਲਾ ਕੀਤਾ ਗਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਖ਼ਿਲਾਫ਼ ਇਕਜੁਟ ਹੋ ਕੇ ਲੜਨਗੇ। ਵਿਰੋਧੀ ਦਲਾਂ ਦੀ ਅਗਲੀ ਬੈਠਕ ਅਗਲੇ ਮਹੀਨੇ ਸ਼ਿਮਲਾ 'ਚ ਹੋਵੇਗੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਮੇਜ਼ਬਾਨੀ 'ਚ ਇਹ ਬੈਠਕ ਮੁੱਖ ਮੰਤਰੀ ਦੇ ਘਰ '1 ਅਣੇ ਮਾਰਗ' 'ਤੇ ਹੋਈ, ਜਿਸ 'ਚ ਕਰੀਬ 30 ਵਿਰੋਧੀ ਨੇਤਾਵਾਂ ਨੇ ਹਿੱਸਾ ਲਿਆ। ਵਿਰੋਧੀ ਦਲਾਂ ਦੀ ਬੈਠਕ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਰੋਧੀ ਨੇਤਾਵਾਂ ਨਾਲ ਸੰਯੁਕਤ ਪੱਤਰਕਾਰ ਸੰਮੇਲਨ 'ਚ ਕਿਹਾ,''ਕਾਫ਼ੀ ਚੰਗੀ ਮੁਲਾਕਾਤ ਹੋਈ, ਇਕੱਠੇ ਤੁਰਨ 'ਤੇ ਸਹਿਮਤੀ ਬਣੀ।'' ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਅਗਲੀ ਬੈਠਕ ਜੁਲਾਈ ਮਹੀਨੇ 'ਚ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਹੋਵੇਗੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ,''ਇਹ ਵਿਚਾਰਧਾਰਾ ਦੀ ਲੜਾਈ ਹੈ, ਅਸੀਂ ਇਕੱਠੇ ਖੜ੍ਹੇ ਹਨ, ਸਾਡੇ ਵਿਚ ਥੋੜ੍ਹਾ-ਬਹੁਤ ਮਤਭੇਦ ਹੋ ਸਕਦੇ ਹਨ ਪਰ ਅਸੀਂ ਮਿਲ ਕੇ ਕੰਮ ਕਰਨਾ ਹੈ।'' ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ,''ਅਸੀਂ ਇਕ ਹਾਂ, ਅਸੀਂ ਮਿਲ ਕੇ ਲੜਾਂਗੇ।'' ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਨੇ ਬੈਠਕ 'ਚ ਹਿੱਸਾ ਲਿਆ। ਦਰਮੁਕ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਨੈਸ਼ਨਲ ਕਾਂਗਰਸ ਦੇ ਨੇਤਾ ਉਮਰ ਅਬਦੁੱਲਾ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਨੇਤਾ ਮਹਿਬੂਬਾ ਮੁਫ਼ਤੀ, ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਜਨਰਲ ਸਕੱਤਰ ਡੀ. ਰਾਜਾ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਕੁਝ ਹੋਰ ਨੇਤਾ ਇਸ ਬੈਠਕ 'ਚ ਸ਼ਾਮਲ ਹੋਏ।