ਆਪਰੇਸ਼ਨ ਸਿੰਦੂਰ : ਪੀੜਤਾਂ ਨੂੰ ਮਿਲ ਕੇ ਭਾਵੁਕ ਹੋਏ ਨਾਨਾ ਪਾਟੇਕਰ, ਵਧਾਇਆ ਮਦਦ ਦਾ ਹੱਥ

Monday, Sep 22, 2025 - 05:28 PM (IST)

ਆਪਰੇਸ਼ਨ ਸਿੰਦੂਰ : ਪੀੜਤਾਂ ਨੂੰ ਮਿਲ ਕੇ ਭਾਵੁਕ ਹੋਏ ਨਾਨਾ ਪਾਟੇਕਰ, ਵਧਾਇਆ ਮਦਦ ਦਾ ਹੱਥ

ਰਾਜੌਰੀ– ਸੀਨੀਅਰ ਅਦਾਕਾਰ ਨਾਨਾ ਪਾਟੇਕਰ ਪਾਕਿਸਤਾਨੀ ਗੋਲੀਬਾਰੀ ਦੇ ਪੀੜਤਾਂ ਨਾਲ ਮਿਲਣ ਦੌਰਾਨ ਭਾਵੁਕ ਹੋ ਗਏ। ਉਹ ਆਪਣੇ ਐੱਨਜੀਓ ‘ਨਿਰਮਲਾ ਗਜਾਨਨ ਫਾਊਂਡੇਸ਼ਨ’ ਵੱਲੋਂ ਰਾਹਤ ਸਮੱਗਰੀ ਵੰਡਣ ਲਈ ਰਾਜੌਰੀ ਅਤੇ ਪੁੰਛ ਦੇ ਸਰਹੱਦੀ ਇਲਾਕਿਆਂ 'ਚ ਪਹੁੰਚੇ। ਮਈ ਮਹੀਨੇ 'ਚ ਹੋਏ ‘ਆਪਰੇਸ਼ਨ ਸਿੰਦੂਰ’ ਦੌਰਾਨ ਪਾਕਿਸਤਾਨੀ ਜਵਾਬੀ ਕਾਰਵਾਈ ਦਾ ਸ਼ਿਕਾਰ ਹੋਏ 117 ਪਰਿਵਾਰਾਂ ਨੂੰ ਨਾਨਾ ਪਾਟੇਕਰ ਨੇ ਕੁੱਲ 42 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ। ਇਹ ਉਹ ਪਰਿਵਾਰ ਸਨ ਜਿਨ੍ਹਾਂ ਨੇ 7 ਤੋਂ 10 ਮਈ ਦੇ ਵਿਚਕਾਰ ਆਪਣੇ ਘਰਾਂ ਅਤੇ ਪਿਆਰਿਆਂ ਨੂੰ ਗੋਲੀਬਾਰੀ ਅਤੇ ਹਮਲਿਆਂ 'ਚ ਗੁਆ ਲਿਆ ਸੀ।

PunjabKesari

ਨਾਨਾ ਪਾਟੇਕਰ ਨੇ ਕਿਹਾ ਕਿ ਉਹ ਪੁੰਛ ਦੀ 11 ਸਾਲਾ ਇਕ ਕੁੜੀ ਦੀ ਪੜ੍ਹਾਈ ਦਾ ਪੂਰਾ ਖ਼ਰਚਾ ਖੁਦ ਚੁੱਕ ਰਹੇ ਹਨ, ਜਿਸ ਨੇ ਗੋਲੀਬਾਰੀ 'ਚ ਆਪਣੇ ਪਿਤਾ ਨੂੰ ਗੁਆ ਦਿੱਤਾ। ਉਨ੍ਹਾਂ ਕਿਹਾ,“ਇਹ ਉਨ੍ਹਾਂ ਪਰਿਵਾਰਾਂ ਲਈ ਛੋਟਾ ਜਿਹਾ ਯੋਗਦਾਨ ਹੈ, ਜੋ ਸਾਡੇ ਆਪਣੇ ਹਨ ਅਤੇ ਸਿਰਫ਼ ਇਸ ਲਈ ਦੁੱਖ ਝੱਲ ਰਹੇ ਹਨ, ਕਿਉਂਕਿ ਉਹ ਸਰਹੱਦਾਂ 'ਤੇ ਰਹਿ ਰਹੇ ਹਨ। ਅਸੀਂ ਉਨ੍ਹਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਇਕੱਲੇ ਨਹੀਂ ਹਨ।” ਇਸ ਮੌਕੇ 25ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਮੇਜਰ ਜਨਰਲ ਕੌਸ਼ਿਕ ਮੁਖਰਜੀ ਅਤੇ ਰਾਜੌਰੀ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਸ਼ਰਮਾ ਵੀ ਮੌਜੂਦ ਸਨ। ਪਾਟੇਕਰ ਨੇ ਫਿਲਮ ਇੰਡਸਟਰੀ ਦੇ ਅਮਿਤਾਭ ਬੱਚਨ ਅਤੇ ਜੌਨੀ ਲੀਵਰ ਦੇ ਸਮਾਜ ਸੇਵਾ 'ਚ ਯੋਗਦਾਨ ਦਾ ਵੀ ਜ਼ਿਕਰ ਕੀਤਾ।

PunjabKesari

ਪਦਮਸ਼੍ਰੀ ਐਵਾਰਡੀ 74 ਸਾਲਾ ਨਾਨਾ ਪਾਟੇਕਰ ਨੇ ਦੱਸਿਆ ਕਿ ਉਨ੍ਹਾਂ ਦੇ ਐਨਜੀਓ ਨੇ ਸਿੱਖਿਆ ਪ੍ਰਣਾਲੀ ਅਤੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ 48 ਆਰਮੀ ਸਦਭਾਵਨਾ ਸਕੂਲਾਂ ਨੂੰ ਗੋਦ ਲਿਆ ਹੈ, ਜਿਨ੍ਹਾਂ 'ਚੋਂ 28 ਕਸ਼ਮੀਰ, 7 ਲੱਦਾਖ ਅਤੇ ਬਾਕੀ ਜੰਮੂ 'ਚ ਹਨ। ਉਨ੍ਹਾਂ ਜੰਮੂ-ਪੁੰਛ ਰਾਸ਼ਟਰੀ ਹਾਈਵੇ ਦੀ ਖਰਾਬ ਹਾਲਤ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਉਹ ਇਸ ਨੂੰ ਦਿੱਲੀ 'ਚ ਸਬੰਧਤ ਵਿਭਾਗਾਂ ਅੱਗੇ ਰੱਖਣਗੇ ਤਾਂ ਜੋ ਸਰਹੱਦੀ ਵਸਨੀਕਾਂ ਨੂੰ ਬਿਹਤਰ ਸੁਵਿਧਾਵਾਂ ਮਿਲ ਸਕਣ। ਨਾਨਾ ਪਾਟੇਕਰ ਨੇ ਕਿਹਾ ਕਿ ਹਾਲਾਂਕਿ ਉਹ ਪਹਿਲੀ ਵਾਰ ਰਾਜੌਰੀ ਆਏ ਹਨ ਪਰ ਉਨ੍ਹਾਂ ਨੇ 1999 ਦੇ ਕਾਰਗਿਲ ਯੁੱਧ 'ਚ ਆਪਣਾ ਯੋਗਦਾਨ ਦਿੱਤਾ ਸੀ ਅਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਵੀ ਗਏ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News