ਪਾਕਿਸਤਾਨ ਨੇ ਗੁਰਦੁਆਰੇ 'ਤੇ ਕੀਤਾ ਹਮਲਾ, MEA ਨੇ ਤਸਵੀਰਾਂ ਦਿਖਾ ਕੇ ਦਿੱਤੇ ਸਬੂਤ
Thursday, May 08, 2025 - 06:19 PM (IST)

ਨੈਸ਼ਨਲ ਡੈਸਕ- ਆਪਰੇਸ਼ਨ ਸਿੰਦੂਰ 'ਤੇ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬ੍ਰੀਫਿੰਗ ਕੀਤੀ। ਇਸ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪਾਕਿਸਤਾਨ ਨੂੰ ਚਿਤਾਵਨੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ 'ਚ ਮਿਜ਼ਾਈਲਾਂ ਅਤੇ ਡਰੋਨ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪਾਕਿਸਤਾਨੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਮਲਬਾ ਕਈ ਥਾਵਾਂ ਤੋਂ ਮਿਲਿਆ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ।
ਇਸ ਦੌਰਾਨ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਅਤੇ ਭਾਰੀ ਤੋਪਖਾਨੇ ਦੀ ਵਰਤੋਂ ਕਰ ਕੇ ਕੰਟਰੋਲ ਰੇਖਾ ਦੇ ਨੇੜੇ ਬਿਨਾਂ ਗੋਲੀਬਾਰੀ ਤੇਜ਼ ਕਰ ਦਿੱਤੀ ਹੈ।' ਪਾਕਿਸਤਾਨ ਦੀ ਗੋਲੀਬਾਰੀ ਵਿੱਚ ਤਿੰਨ ਔਰਤਾਂ ਅਤੇ ਪੰਜ ਬੱਚਿਆਂ ਸਮੇਤ 16 ਮਾਸੂਮ ਲੋਕ ਮਾਰੇ ਗਏ ਹਨ। ਭਾਰਤ ਨੇ ਪਾਕਿਸਤਾਨ ਵੱਲੋਂ ਗੋਲੀਬਾਰੀ ਦਾ ਮੁੰਹਤੋੜ ਜਵਾਬ ਦਿੱਤਾ ਹੈ।
ਪਾਕਿਸਤਾਨ ਹਮੇਸ਼ਾ ਅੱਤਵਾਦੀਆਂ ਨੂੰ ਬਚਾਉਂਦਾ ਰਿਹੈ : ਵਿਕਰਮ ਮਿਸਰੀ
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਸਰਹੱਦ ਪਾਰ ਤੋਂ ਸਾਡੇ ਵਿਰੁੱਧ ਬਹੁਤ ਸਾਰੀ ਗਲਤ ਜਾਣਕਾਰੀ ਦਿੱਤੀ ਗਈ ਹੈ, ਕੁਝ ਗੱਲਾਂ ਧਿਆਨ ਵਿੱਚ ਰੱਖਣ ਯੋਗ ਹਨ ਜਿਵੇਂ ਕਿ ਤਣਾਅ ਵਧਣ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ। ਪਰ ਪਹਿਲੀ ਗੱਲ ਇਹ ਹੈ ਕਿ ਪਹਿਲਗਾਮ ਵਿੱਚ ਹੋਇਆ ਹਮਲਾ ਤਣਾਅ ਵਧਣ ਦਾ ਪਹਿਲਾ ਕਾਰਨ ਹੈ, ਭਾਰਤੀ ਫੌਜ ਨੇ ਕੱਲ੍ਹ ਇਸਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਦਿ ਰੇਜ਼ਿਸਟੈਂਸ ਫਰੰਟ' (ਟੀਆਰਐਫ) ਸਮੂਹ ਲਸ਼ਕਰ-ਏ-ਤੋਇਬਾ ਦਾ ਇੱਕ ਜਾਣਿਆ-ਪਛਾਣਿਆ ਫਰੰਟ ਹੈ। ਅਸੀਂ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਅਕਤੀ ਬਾਰੇ ਸਾਰੀ ਜਾਣਕਾਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੂੰ ਪ੍ਰਦਾਨ ਕਰ ਰਹੇ ਹਾਂ। ਟੀਆਰਐੱਫ ਬਾਰੇ ਲਗਾਤਾਰ ਅਪਡੇਟਸ ਦਿੱਤੇ ਜਾ ਰਹੇ ਹਨ। ਵਿਕਰਮ ਮਿਸਰੀ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਜਦੋਂ ਯੂਐਨਐਸਸੀ ਦੇ ਬਿਆਨ ਵਿੱਚ ਟੀਆਰਐਫ ਦਾ ਨਾਮ ਸ਼ਾਮਲ ਕਰਨ ਦੀ ਗੱਲ ਆਈ ਤਾਂ ਸਿਰਫ਼ ਪਾਕਿਸਤਾਨ ਨੇ ਹੀ ਇਸਦਾ ਵਿਰੋਧ ਕੀਤਾ ਅਤੇ ਨਾਮ ਹਟਾ ਦਿੱਤਾ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਕਿਸਤਾਨ ਅਜੇ ਵੀ ਇਨ੍ਹਾਂ ਅੱਤਵਾਦੀ ਸਮੂਹਾਂ ਨੂੰ ਢਾਲ ਅਤੇ ਸਮਰਥਨ ਦੇ ਰਿਹਾ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ 7 ਮਈ ਨੂੰ ਸਿਰਫ਼ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਸੀਂ ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਪਾਕਿਸਤਾਨ ਨੇ ਭਾਰਤ ਦੇ ਪੁੰਛ ਵਿੱਚ ਸਿੱਖ ਗੁਰਦੁਆਰੇ 'ਤੇ ਹਮਲਾ ਕੀਤਾ। ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਸੀਂ ਪਾਕਿਸਤਾਨ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ। ਇਸ ਦੌਰਾਨ ਵਿਕਰਮ ਮਿਸਰੀ ਨੇ ਪਾਕਿਸਤਾਨ ਵੱਲੋਂ ਕੀਤੇ ਹਮਲੇ ਦੀਆਂ ਤਸਵੀਰਾਂ ਵੀ ਦਿਖਾਈਆਂ।