‘ਆਪ੍ਰੇਸ਼ਨ ਸਿੰਧੂਰ’ ਨੇ ਅੱਤਵਾਦ ਖਿਲਾਫ ਭਾਰਤ ਦੇ ਸਖਤ ਰਵੱਈਏ ਨੂੰ ਸਪੱਸ਼ਟ ਕੀਤਾ : ਮੋਦੀ

Tuesday, Jun 24, 2025 - 10:27 PM (IST)

‘ਆਪ੍ਰੇਸ਼ਨ ਸਿੰਧੂਰ’ ਨੇ ਅੱਤਵਾਦ ਖਿਲਾਫ ਭਾਰਤ ਦੇ ਸਖਤ ਰਵੱਈਏ ਨੂੰ ਸਪੱਸ਼ਟ ਕੀਤਾ : ਮੋਦੀ

ਨਵੀਂ ਦਿੱਲੀ–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਨੇ ਅੱਤਵਾਦ ਖਿਲਾਫ ਭਾਰਤ ਦਾ ਸਖਤ ਰਵੱਈਆ ਦੁਨੀਆ ਦੇ ਸਾਹਮਣੇ ਸਪਸ਼ਟ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਦੇਸ਼ ਦੇ ਹਿੱਤ ’ਚ ਜਿਹੜੇ ਵੀ ਕਦਮ ਸਹੀ ਹੋਣ, ਚੁੱਕਦੀ ਹੈ।ਅਧਿਆਤਮਕ ਸੰਤ ਤੇ ਸਮਾਜ ਸੁਧਾਰਕ ਸ਼੍ਰੀ ਨਾਰਾਇਣ ਗੁਰੂ ਤੇ ਮਹਾਤਮਾ ਗਾਂਧੀ ਵਿਚਾਲੇ ਗੱਲਬਾਤ ਦੇ ਸ਼ਤਾਬਦੀ ਸਮਾਗਮ ਦੇ ਮੌਕੇ ’ਤੇ ਮੋਦੀ ਨੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ ਭਾਰਤ ਵਿਚ ਬਣੇ ਹਥਿਆਰਾਂ ਨੇ ਪਾਕਿਸਤਾਨ ਨਾਲ ਸੰਘਰਸ਼ ਦੌਰਾਨ ਆਪਣਾ ਅਸਰ ਵਿਖਾਇਆ। ਉਨ੍ਹਾਂ ਕਿਹਾ,‘‘ਅਸੀਂ ਵਿਖਾਇਆ ਹੈ ਕਿ ਭਾਰਤੀਆਂ ਦਾ ਖੂਨ ਵਹਾਉਣ ਵਾਲੇ ਅੱਤਵਾਦੀਆਂ ਲਈ ਕੋਈ ਵੀ ਟਿਕਾਣਾ ਸੁਰੱਖਿਅਤ ਨਹੀਂ ਹੈ।’’ਪੀ. ਐੱਮ. ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਧਿਆਤਮਕ ਸੰਤ ਸ਼੍ਰੀ ਨਾਰਾਇਣ ਗੁਰੂ ਦੇ ਆਦਰਸ਼ਾਂ ’ਤੇ ਕੰਮ ਕੀਤਾ ਹੈ, ਜੋ ਭੇਦਭਾਵ ਤੋਂ ਮੁਕਤ ਮਜ਼ਬੂਤ ਭਾਰਤ ਚਾਹੁੰਦੇ ਸਨ। ਪਿਛਲੇ 11 ਸਾਲਾਂ ’ਚ ਉਨ੍ਹਾਂ ਦੀ ਸਰਕਾਰ ਨੇ ਸਮਾਜਿਕ, ਆਰਥਿਕ ਤੇ ਰੱਖਿਆ ਖੇਤਰਾਂ ਵਿਚ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਆਪਣੀਆਂ ਰੱਖਿਆ ਲੋੜਾਂ ਪੂਰੀਆਂ ਕਰਨ ਲਈ ਦੂਜੇ ਦੇਸ਼ਾਂ ’ਤੇ ਭਾਰਤ ਦੀ ਨਿਰਭਰਤਾ ਘੱਟ ਹੋ ਰਹੀ ਹੈ ਅਤੇ ਇਹ ਰੱਖਿਆ ਖੇਤਰ ’ਚ ਆਤਮਨਿਰਭਰ ਬਣ ਰਿਹਾ ਹੈ।ਪ੍ਰਧਾਨ ਮੰਤਰੀ ਨੇ ਪਹਿਲਗਾਮ ’ਚ ਅੱਤਵਾਦੀਆਂ ਵੱਲੋਂ ਨਾਗਰਿਕਾਂ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਗਏ ਸਟੀਕ ਹਮਲਿਆਂ ਦੇ ਸੰਦਰਭ ’ਚ ਕਿਹਾ ਕਿ ਭਾਰਤੀ ਫੌਜ ਨੇ ਦੇਸ਼ ਵਿਚ ਤਿਆਰ ਹਥਿਆਰਾਂ ਨਾਲ 22 ਮਿੰਟਾਂ ’ਚ ਦੁਸ਼ਮਣ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਵਿੱਖ ’ਚ ਭਾਰਤ ਵਿਚ ਬਣੇ ਹਥਿਆਰਾਂ ਨੂੰ ਦੁਨੀਆ ਭਰ ’ਚ ਸਲਾਹਿਆ ਜਾਵੇਗਾ।


author

Hardeep Kumar

Content Editor

Related News