ਡਾ. ਵਿਕਰਮਜੀਤ ਸਿੰਘ ਸਾਹਨੀ ਨੇ PM ਮੋਦੀ ਨੂੰ ''ਭਾਰਤ ਰਤਨ'' ਦੇਣ ਦੀ ਕੀਤੀ ਮੰਗ
Wednesday, Oct 28, 2026 - 10:09 PM (IST)
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨੈਸ਼ਨਲ ਮਿਊਜ਼ੀਅਮ ਵਿਖੇ 'ਮਨ ਕੀ ਬਾਤ' ਪੇਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਜਿਸ ਦੌਰਾਨ ਪਦਮ ਸ਼੍ਰੀ ਅਤੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ 25 ਸਾਲਾਂ ਦੀ ਅਤੁੱਟ ਅਤੇ ਨਿਰਸਵਾਰਥ ਦੇਸ਼ ਸੇਵਾ ਲਈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ। ਇਸ ਵਿਸ਼ੇਸ਼ ਸਮਾਗਮ ਵਿੱਚ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਵੱਲੋਂ ਆਯੋਜਿਤ ਇਹ ਪ੍ਰਦਰਸ਼ਨੀ ਨਵੀਂ ਦਿੱਲੀ ਦੇ ਜਨਪਥ ਸਥਿਤ ਨੈਸ਼ਨਲ ਮਿਊਜ਼ੀਅਮ ਵਿਖੇ ਲਗਾਈ ਗਈ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਅਤੇ ਦੇਸ਼ ਸੇਵਾ ਨੂੰ ਦਰਸਾਉਂਦੀਆਂ ਕਲਾਕਾਰ ਮਨਜੀਤ ਸਿੰਘ ਦੀਆਂ 76 ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੈਲਰੀ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਦੇਸ਼ ਸੇਵਾ 'ਤੇ ਅਧਾਰਤ ਇੱਕ ਛੋਟੀ ਫ਼ਿਲਮ ਵੀ ਦਿਖਾਈ ਗਈ।

ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ 25 ਸਾਲਾਂ ਦਾ ਜਨਤਕ ਸਫ਼ਰ ਦੇਸ਼ ਪ੍ਰਤੀ ਅਤੁੱਟ ਵਚਨਬੱਧਤਾ ਦੀ ਇੱਕ ਅਸਾਧਾਰਨ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਸਮਰਪਣ ਅਤੇ ਅਨੁਸ਼ਾਸਿਤ ਸੇਵਾ ਨੂੰ ਦੇਖਦਿਆਂ ਨਰਿੰਦਰ ਮੋਦੀ 'ਭਾਰਤ ਰਤਨ' ਦੇ ਪੂਰੀ ਤਰ੍ਹਾਂ ਹੱਕਦਾਰ ਹਨ।
ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਦਰਸ਼ਨੀ ਦੇ ਵਿਸ਼ੇ ਨੂੰ ਜੀਵੰਤ ਰੂਪ ਵਿੱਚ ਪੇਸ਼ ਕਰਨ ਲਈ ਕਲਾਕਾਰ ਮਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਪ੍ਰੋਗਰਾਮ ਦੌਰਾਨ ਡਾ. ਸਾਹਨੀ ਅਤੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।
