ਆਪਰੇਸ਼ਨ ਕਾਵੇਰੀ : ਸੂਡਾਨ ਤੋਂ 229 ਹੋਰ ਲੋਕਾਂ ਨੂੰ ਲਿਆਂਦਾ ਗਿਆ ਵਾਪਸ
Sunday, Apr 30, 2023 - 03:28 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਹਿੰਸਾ ਪ੍ਰਭਾਵਿਤ ਸੂਡਾਨ 'ਚ ਫਸੇ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਆਪਣੀ ਮੁਹਿੰਮ ਦੇ ਅਧੀਨ ਐਤਵਾਰ ਨੂੰ 229 ਲੋਕਾਂ ਦੇ ਇਕ ਹੋਰ ਸਮੂਹ ਨੂੰ ਦੇਸ਼ ਵਾਪਸ ਲੈ ਕੇ ਆਇਆ। ਇਹ ਲੋਕ ਬੈਂਗਲੁਰੂ ਪਹੁੰਚੇ। ਇਸ ਤੋਂ ਇਕ ਦਿਨ ਪਹਿਲਾਂ ਸੂਡਾਨ ਤੋਂ 365 ਲੋਕ ਦਿੱਲੀ ਪਹੁੰਚੇ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ,''ਆਪਰੇਸ਼ਨ ਕਾਵੇਰੀ ਦੇ ਅਧੀਨ ਇਕ ਹੋਰ ਉਡਾਣ ਰਾਹੀਂ 229 ਯਾਤਰੀਆਂ ਨੂੰ ਬੈਂਗਲੁਰੂ ਲਿਆਂਦਾ ਗਿਆ।'' ਨਿਕਾਸੀ ਮੁਹਿੰਮ ਦੇ ਅਧੀਨ ਸ਼ੁੱਕਰਵਾਰ ਨੂੰ 754 ਲੋਕ 2 ਸਮੂਹਾਂ 'ਚ ਭਾਰਤ ਪਹੁੰਚੇ ਸਨ।
ਅਧਿਕਾਰਤ ਅੰਕੜਿਆਂ ਅਨੁਸਾਰ, ਸੂਡਾਨ ਤੋਂ ਹੁਣ ਤੱਕ 1954 ਲੋਕਾਂ ਨੂੰ ਦੇਸ਼ ਵਾਪਸ ਲਿਆਂਦਾ ਜਾ ਚੁੱਕਿਆ ਹੈ। 'ਆਪਰੇਸ਼ਨ ਕਾਵੇਰੀ' ਦੇ ਅਧੀਨ ਭਾਰਤ ਸ਼ਰਨਾਰਥੀਆਂ ਨੂੰ ਸਾਊਦੀ ਅਰਬ ਦੇ ਜੇਦਾ ਸ਼ਹਿਰ ਲਿਜਾ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਕੁੱਲ 360 ਨਾਗਰਿਕਾਂ ਦੇ ਪਹਿਲੇ ਸਮੂਹ ਨੂੰ ਬੁੱਧਵਾਰ ਨੂੰ ਇਕ ਵਣਜ ਜਹਾਜ਼ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ ਸੀ। ਉੱਥੇ ਹੀ ਦੂਜੇ ਸਮੂਹ 'ਚ ਅਗਲੇ ਹੀ ਦਿਨ ਭਾਰਤੀ ਹਵਾਈ ਫ਼ੌਜ ਦੇ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ 246 ਨਾਗਰਿਕਾਂ ਨੂੰ ਮੁੰਬਈ ਲਿਆਂਦਾ ਗਿਆ ਸੀ।