ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਹੱਦ 15 ਫੀਸਦੀ ਵਧੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
Monday, Apr 21, 2025 - 11:45 PM (IST)

ਦੇਹਰਾਦੂਨ, 21 ਅਪ੍ਰੈਲ (ਨਵੋਦਿਆ ਟਾਈਮਜ਼)–ਚਾਰਧਾਮ ਯਾਤਰਾ ਲਈ ਹੋਣ ਵਾਲੀ ਆਨਲਾਈਨ ਰਜਿਸਟ੍ਰੇਸ਼ਨ ਦੀ ਹੱਦ ਨੂੰ 60 ਤੋਂ ਵਧਾ ਕੇ 75 ਫੀਸਦੀ ਕਰ ਦਿੱਤਾ ਗਿਆ ਹੈ। ਬਾਕੀ ਰਜਿਸਟ੍ਰੇਸ਼ਨ ਆਫਲਾਈਨ ਪ੍ਰਕਿਰਿਆ ਤਹਿਤ ਹੋਵੇਗੀ। ਸੂਬੇ ਦੇ ਹੋਟਲ ਕਾਰੋਬਾਰੀਆਂ ਨਾਲ ਸੋਮਵਾਰ ਨੂੰ ਹੋਈ ਬੈਠਕ ਵਿਚ ਮਿਲੇ ਸੁਝਾਅ ਤਹਿਤ ਕਮਿਸ਼ਨਰ ਗੜਵਾਲ ਵਿਨੇ ਸ਼ੰਕਰ ਪਾਂਡੇ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਦੇ ਲਈ ਹੁਕਮ ਦਿੱਤੇ ਹਨ।
ਹੋਟਲ ਕਾਰੋਬਾਰੀਆਂ ਨੇ ਚਾਰਧਾਮ ਯਾਤਰਾ ਸਬੰਧੀ ਆਪੋ-ਆਪਣੀਆਂ ਸਮੱਸਿਆਵਾਂ ਤੇ ਸੁਝਾਅ ਕਮਿਸ਼ਨਰ ਗੜਵਾਲ ਦੇ ਸਾਹਮਣੇ ਰੱਖਦੇ ਹੋਏ ਮੁੱਖ ਤੌਰ ’ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਹੱਦ ਵਧਾਏ ਜਾਣ ਦੀ ਬੇਨਤੀ ਕੀਤੀ। ਕਮਿਸ਼ਨਰ ਨੇ ਦੱਸਿਆ ਕਿ ਬੀਤੀ 5 ਫਰਵਰੀ ਨੂੰ ਆਯੋਜਿਤ ਬੈਠਕ ਵਿਚ ਸਾਰੇ ਹਿੱਤਧਾਰਕਾਂ ਦੀ ਮੰਗ ਅਨੁਸਾਰ ਇਸ ਸਾਲ ਚਾਰਧਾਮ ਯਾਤਰਾ ਲਈ 60 ਫੀਸਦੀ ਆਨਲਾਈਨ ਤੇ 40 ਫੀਸਦੀ ਆਫਲਾਈਨ ਰਜਿਸਟ੍ਰੇਸ਼ਨ ਦੀ ਹੱਦ ਤੈਅ ਕੀਤੀ ਗਈ ਸੀ।