ਅਮਰਨਾਥ ਯਾਤਰੀਆਂ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ ਸ਼ੁਰੂ

Saturday, Jun 17, 2023 - 03:51 PM (IST)

ਜੰਮੂ (ਵਾਰਤਾ)- ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਤੀਰਥ ਯਾਤਰੀਆਂ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ ਸ਼ੁਰੂ ਹੋ ਗਈ ਹੈ। ਪ੍ਰਦੇਸ਼ 'ਚ 62 ਦਿਨਾਂ ਤੱਕ ਚੱਲਣ ਵਾਲੀ ਇਹ ਸਾਲਾਨਾ ਤੀਰਥ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਕੇ 30 ਅਗਸਤ (ਰੱਖੜੀ) 'ਤੇ ਖ਼ਤਮ ਹੁੰਦੀ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਸ਼੍ਰੀਨਗਰ, ਬਾਲਟਾਲ ਅਤੇ ਪਹਿਲਗਾਮ ਰੂਟ ਤੋਂ ਉਪਲੱਬਧ ਹੋਣ ਵਾਲੀ ਸੇਵਾ ਲਈ ਹੈਲੀਕਾਪਟਰ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਯਾਤਰਾ ਦਾ ਕਿਰਾਇਆ ਨਹੀਂ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਢਾਈ ਲੱਖ ਤੋਂ ਵੱਧ ਲੋਕਾਂ ਨੇ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਇਆ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਕਰੀਬ 5 ਲੱਖ ਸ਼ਰਧਾਲੂਆਂ ਦੇ ਗੁਫ਼ਾ ਮੰਦਰ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਟਿਕਟ ਦੀ ਬੁਕਿੰਗ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸ.ਏ.ਐੱਸ.ਬੀ.) ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕਰਵਾਈ ਜਾ ਸਕਦੀ ਹੈ। ਗਲੋਬਲ ਵੇਕਟ੍ਰਾ ਹੈਲੀਕਾਰਪ ਲਿਮਟਿਡ ਅਤੇ ਏਰੋ ਏਅਰਕ੍ਰਾਫਟ ਪ੍ਰਾਈਵੇਟ ਲਿਮਟਿਡ ਬਾਲਟਾਲ ਮਾਰਗ ਲਈ ਸਰਵਿਸ ਆਪਰੇਟਰ ਹਨ, ਜਦੋਂ ਕਿ ਹੈਰੀਟੇਜ਼ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਪਹਿਲਗਾਮ ਮਾਰਗ ਲਈ ਆਪਰੇਟਰ ਹੁੰਦੀ ਹੈ। ਸੂਤਰਾਂ ਨੇ ਕਿਹਾ ਕਿ ਐੱਮ.ਐੱਸ. ਪਵਨ ਹੰਸ ਲਿਮਟਿਡ ਸੰਚਾਲਕਾਂ ਦੀਆਂ ਸੇਵਾਵਾਂ ਸ਼੍ਰੀਨਗਰ ਤੋਂ ਪਵਿੱਤਰ ਗੁਫ਼ਾ ਤੱਕ ਸੰਚਾਲਿਤ ਹੋਣਗੀਆਂ। ਯਾਤਰਾ ਨਾਲ ਸੰਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੇ ਲਖਨਪੁਰ ਤੋਂ ਕਸ਼ਮੀਰ ਦੇ ਪ੍ਰਵੇਸ਼ ਦੁਆਰ ਤੱਕ ਸਾਰੀਆਂ ਵਿਵਸਥਾਵਾਂ 20 ਜੂਨ ਤੱਕ ਪੂਰੇ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।


DIsha

Content Editor

Related News