ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ONGC 'ਤੇ ਲੱਗਾ 2,04,90,000 ਰੁਪਏ ਦਾ ਜੁਰਮਾਨਾ

09/17/2019 5:08:44 PM

ਗੁਆਹਾਟੀ — ਅਸਾਮ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਰਵਉੱਚ ਅਦਾਲਤ ਦੇ ਇਕ ਆਦੇਸ਼ ਦਾ ਉਲੰਘਣ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ 'ਚ ਜਨਤਕ ਖੇਤਰ ਦੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) 'ਤੇ 2.05 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਆਦੇਸ਼ ਅਸਾਮ 'ਚ ONGC ਦੇ 6 ਖੂਹਾਂ 'ਚ ਵਾਤਾਵਰਣ ਨਿਯਮਾਂ ਦਾ ਉਲੰਘਣ ਕਰਨ ਦੇ ਮਾਮਲੇ 'ਚ ਜਾਰੀ ਕੀਤਾ ਹੈ। ਬੋਰਡ ਨੇ 5 ਸਤੰਬਰ ਦੇ ਇੱਕ ਆਦੇਸ਼ 'ਚ ਕਿਹਾ, 'ਪ੍ਰਦੂਸ਼ਣ ਕੰਟਰੋਲ ਬੋਰਡ ਅਸਾਮ ਤੁਹਾਨੂੰ ਸੂਚਿਤ ਕਰਦਾ ਹੈ ਕਿ ਤੁਸੀਂ (ਓਐਨਜੀਸੀ) ਵਾਤਾਵਰਣ ਨਿਯਮਾਂ ਦਾ ਉਲੰਘਣ ਕੀਤਾ ਹੈ। ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋਇਆ ਹੈ।'

ਆਦੇਸ਼ 'ਚ ਕਿਹਾ ਗਿਆ ਹੈ, 'ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੀ ਪ੍ਰਿੰਸੀਪਲ ਬੈਂਚ ਵੱਲੋਂ ਦਿੱਤੇ ਫਾਰਮੂਲੇ ਦੇ ਅਧਾਰ 'ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ  'ਤੇ 2,04,90,000 ਰੁਪਏ ਦਾ ਜ਼ੁਰਮਾਨਾ ਬਣਦਾ ਹੈ।' ਓ.ਐੱਨ.ਜੀ.ਸੀ. ਨੂੰ ਆਦੇਸ਼ ਜਾਰੀ ਹੋਣ ਦੇ ਇਕ ਮਹੀਨੇ ਅੰਦਰ-ਅੰਦਰ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਅਜਿਹੇ 'ਚ ਓਐਨਜੀਸੀ ਅਧਿਕਾਰੀਆਂ ਨੇ ਇਸ 'ਤੇ ਤੁਰੰਤ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਕਾਰਵਾਈ ਕਰਨ ਤੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਅਸਾਮ ਨੇ 28 ਜੂਨ ਨੂੰ ਕੰਪਨੀ ਨੂੰ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਓਐਨਜੀਸੀ ਨੇ 18 ਜੁਲਾਈ ਨੂੰ ਜਵਾਬ ਦਿੱਤਾ ਸੀ। ਹਾਲਾਂਕਿ, ਆਦੇਸ਼ 'ਚ ਕਿਹਾ ਗਿਆ ਹੈ, “'ਕਾਰਨ ਦੱਸੋ ਨੋਟਿਸ 'ਤੇ ਤੁਹਾਡਾ ਜਵਾਬ 6 ਤੋਂ 8 ਜੁਲਾਈ 2019 ਦੇ ਦੌਰਾਨ ਇਸ ਬੋਰਡ ਦੇ ਦਫਤਰ ਤੋਂ ਆਏ ਇੰਜੀਨੀਅਰਾਂ ਅਤੇ ਵਿਗਿਆਨੀਆਂ ਦੁਆਰਾ ਕੀਤੇ ਗਏ ਨੀਰੀਖਣ 'ਚ ਸਾਹਮਣੇ ਆਏ ਤੱਥਾਂ ਅਤੇ ਨਤੀਜਿਆਂ 'ਤੇ ਅਧਾਰਤ ਨਹੀਂ ਹੈ।'


Related News