ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ
Thursday, Jan 16, 2025 - 12:11 PM (IST)
ਨੈਸ਼ਨਲ ਡੈਸਕ : ਰਾਸ਼ਟਰੀ ਸਿੱਖਿਆ ਨੀਤੀ 2020 (NEP 2020) ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਦੇ ਹੋਏ ਸਰਕਾਰ ਨੇ ਇੱਕ ਸਾਲ ਦਾ ਬੀ.ਐੱਡ (ਬੈਚਲਰ ਆਫ਼ ਐਜੂਕੇਸ਼ਨ) ਕੋਰਸ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕੋਰਸ ਉਨ੍ਹਾਂ ਵਿਦਿਆਰਥੀਆਂ ਲਈ ਹੋਵੇਗਾ, ਜਿਨ੍ਹਾਂ ਨੇ ਗ੍ਰੈਜੂਏਸ਼ਨ ਜਾਂ ਪੋਸਟ-ਗ੍ਰੈਜੂਏਸ਼ਨ ਦੇ ਚਾਰ ਸਾਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ, ਅਧਿਆਪਕ ਸਿਖਲਾਈ ਨਾਲ ਸਬੰਧਤ ਕਈ ਵੱਡੇ ਬਦਲਾਅ ਕੀਤੇ ਗਏ ਹਨ। ਇਸ ਵੇਲੇ, ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ITEP) ਪਹਿਲਾਂ ਹੀ ਗ੍ਰੈਜੂਏਸ਼ਨ ਪੱਧਰ 'ਤੇ ਚੱਲ ਰਿਹਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਆਪਣੇ ਮਨਪਸੰਦ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਦਾ ਮੌਕਾ ਦਿੰਦਾ ਹੈ।
NCTE ਦੀ ਮੀਟਿੰਗ ਵਿੱਚ ਅਹਿਮ ਫ਼ੈਸਲੇ
ਦੱਸ ਦੇਈਏ ਕਿ ਇਹ ਫ਼ੈਸਲਾ ਸ਼ਨੀਵਾਰ ਨੂੰ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (NCTE) ਦੀ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਐਨਸੀਟੀਈ ਦੇ ਚੇਅਰਮੈਨ ਪ੍ਰੋ. ਪੰਕਜ ਅਰੋੜਾ ਨੇ ਕਿਹਾ ਕਿ ਗਵਰਨਿੰਗ ਬਾਡੀ ਨੇ ਨਵੇਂ ਨਿਯਮ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ 2014 ਦੇ ਪੁਰਾਣੇ ਨਿਯਮਾਂ ਦੀ ਥਾਂ ਲੈਣਗੇ।
ITEP ਵਿੱਚ ਨਵੇਂ ਵਿਸ਼ੇਸ਼ ਕੋਰਸ ਹੋਣਗੇ ਸ਼ਾਮਲ
ਚਾਰ ਸਾਲਾ ਦੇ ITEP ਪ੍ਰੋਗਰਾਮ ਨੂੰ ਹੋਰ ਵਿਹਾਰਕ ਬਣਾਉਣ ਲਈ ਇਸ ਵਿੱਚ ਨਵੇਂ ਵਿਸ਼ੇਸ਼ ਕੋਰਸ ਸ਼ਾਮਲ ਕੀਤੇ ਜਾਣਗੇ। ਇਹ ਕੋਰਸ ਯੋਗ ਸਿੱਖਿਆ (ITEP Yoga Education), ਸਰੀਰਕ ਸਿੱਖਿਆ (ITEP Physical Education), ਸੰਸਕ੍ਰਿਤ (ITEP Sanskrit) ਅਤੇ ਪ੍ਰਦਰਸ਼ਨ ਕਲਾ (ITEP Performing Arts Education) ਵਿਸ਼ਿਆਂ ਵਿੱਚ ਹੋਣਗੇ। ਵਰਤਮਾਨ ਵਿੱਚ, ITEP ਪ੍ਰੋਗਰਾਮ ਦੇਸ਼ ਭਰ ਦੇ 64 ਵਿਦਿਅਕ ਸੰਸਥਾਵਾਂ ਵਿੱਚ ਚੱਲ ਰਿਹਾ ਹੈ ਅਤੇ ਹੁਣ ਇਸਨੂੰ ਹੋਰ ਵਿਸ਼ਿਆਂ ਵਿੱਚ ਵੀ ਵਧਾਇਆ ਜਾਵੇਗਾ।
ਕੌਣ ਕਰ ਸਕਦੈ ਇੱਕ ਸਾਲ ਦੀ B.Ed
ਇਕ ਸਾਲ ਦੀ B.Ed ਕਰਨ ਦਾ ਮੌਕਾ ਉਹਨਾਂ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੇ ਚਾਰ ਸਾਲਾ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਇਸ ਦੇ ਨਾਲ ਹੀ ਉਹ ਵਿਦਿਆਰਥੀ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਕੋਲ ਹੁਣ ਸਿਰਫ਼ ਇੱਕ ਸਾਲ ਵਿੱਚ ਬੀ.ਐੱਡ ਪੂਰਾ ਕਰਕੇ ਅਧਿਆਪਕ ਬਣਨ ਲਈ ਅਰਜ਼ੀ ਦੇਣ ਦਾ ਵਿਕਲਪ ਹੋਵੇਗਾ।
ਨਵੇਂ ਨਿਯਮ ਕਿਉਂ ਜ਼ਰੂਰੀ ਹਨ?
ਨਵੇਂ ਨਿਯਮਾਂ ਦਾ ਉਦੇਸ਼ ਅਧਿਆਪਕ ਸਿੱਖਿਆ ਨੂੰ ਬਿਹਤਰ ਅਤੇ ਆਧੁਨਿਕ ਬਣਾਉਣਾ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ, ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।