7 ਸਾਲ ਦੀ ਜੇਲ੍ਹ ਤੇ ਜਾਇਦਾਦ ਵੀ ਜ਼ਬਤ! 1xbet Scam ਮਗਰੋਂ ED ਦੀ ਆਮ ਜਨਤਾ ਨੂੰ Warning
Thursday, Nov 06, 2025 - 08:11 PM (IST)
ਵੈੱਬ ਡੈਸਕ : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate - ED) ਨੇ ਦੇਸ਼ ਭਰ ਦੇ ਨਾਗਰਿਕਾਂ ਲਈ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਆਨਲਾਈਨ ਸੱਟੇਬਾਜ਼ੀ (Online Betting) ਅਤੇ ਜੂਏ ਤੋਂ ਦੂਰ ਰਹਿਣ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਨੂੰ 7 ਸਾਲ ਤੱਕ ਦੀ ਜੇਲ੍ਹ ਅਤੇ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਈਡੀ ਨੇ ਕਿਹਾ ਹੈ ਕਿ ਗੈਰ-ਕਾਨੂੰਨੀ ਆਨਲਾਈਨ ਜੂਆ ਅਤੇ ਸੱਟੇਬਾਜ਼ੀ ਨਾ ਸਿਰਫ਼ ਆਰਥਿਕ ਨੁਕਸਾਨ ਪਹੁੰਚਾਉਂਦੇ ਹਨ, ਬਲਕਿ ਇਹ ਮਨੀ ਲਾਂਡਰਿੰਗ (Money Laundering) ਅਤੇ ਹੋਰ ਅਪਰਾਧਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ।
ਪੀਐੱਮਐੱਲਏ ਕਾਨੂੰਨ ਤਹਿਤ ਹੋਵੇਗੀ ਕਾਰਵਾਈ
ਈਡੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸੱਟੇਬਾਜ਼ੀ ਜਾਂ ਜੂਏ ਨਾਲ ਸਬੰਧਤ ਗਤੀਵਿਧੀ ਵਿੱਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਨਾ ਹੋਣ। ਏਜੰਸੀ ਨੇ ਚੇਤਾਵਨੀ ਦਿੱਤੀ ਕਿ:
1. ਆਪਣੇ ਬੈਂਕ ਅਕਾਊਂਟ, ਡੈਬਿਟ ਕਾਰਡ, UPI ID ਜਾਂ ਵਾਲੇਟ ਕਿਸੇ ਹੋਰ ਵਿਅਕਤੀ ਨੂੰ ਇਸਤੇਮਾਲ ਕਰਨ ਲਈ ਨਾ ਦਿਓ।
2. ਸੋਸ਼ਲ ਮੀਡੀਆ ਜਾਂ ਮੈਸੇਜਿੰਗ ਪਲੇਟਫਾਰਮਾਂ 'ਤੇ ਮਿਲਣ ਵਾਲੇ 'ਹਾਈ ਰਿਟਰਨ' ਜਾਂ 'ਪੈਸਿਵ ਇਨਕਮ' ਵਾਲੇ ਲਿੰਕਾਂ 'ਤੇ ਕਲਿੱਕ ਨਾ ਕਰੋ।
3. ਜਾਣਬੁੱਝ ਕੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਪਾਏ ਜਾਣ 'ਤੇ PMLA (ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ) ਕਾਨੂੰਨ ਤਹਿਤ ਸੱਤ ਸਾਲ ਤੱਕ ਦੀ ਜੇਲ੍ਹ ਅਤੇ ਸੰਪਤੀ ਜ਼ਬਤੀ ਦੀ ਕਾਰਵਾਈ ਹੋ ਸਕਦੀ ਹੈ।
ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਦੀ ਜਾਇਦਾਦ ਕੁਰਕ
ਇਸੇ ਲੜੀ 'ਚ, ਈਡੀ ਨੇ 1xBet ਆਨਲਾਈਨ ਸੱਟੇਬਾਜ਼ੀ ਵੈੱਬਸਾਈਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਟੀਮ ਇੰਡੀਆ ਦੇ ਦੋ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਉੱਤੇ ਵੱਡੀ ਕਾਰਵਾਈ ਕਰਦੇ ਹੋਏ ₹11.14 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ (seized) ਕੀਤੀਆਂ ਹਨ।
ਸੂਤਰਾਂ ਅਨੁਸਾਰ, ਸ਼ਿਖਰ ਧਵਨ ਦੀ ₹4.5 ਕਰੋੜ ਰੁਪਏ ਦੀ ਅਚਲ ਸੰਪਤੀ ਅਤੇ ਸੁਰੇਸ਼ ਰੈਨਾ ਦੇ ₹6.64 ਕਰੋੜ ਰੁਪਏ ਦੇ ਮਿਊਚੁਅਲ ਫੰਡ ਨੂੰ PMLA ਐਕਟ ਤਹਿਤ ਅਸਥਾਈ ਤੌਰ 'ਤੇ ਜ਼ਬਤ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਖਿਡਾਰੀਆਂ ਨੇ ਵਿਦੇਸ਼ੀ ਕੰਪਨੀਆਂ ਨਾਲ ਸਮਝੌਤਾ ਕਰਕੇ '1xBet' ਅਤੇ ਇਸਦੇ ਸਹਿਯੋਗੀਆਂ ਦਾ ਪ੍ਰਚਾਰ ਕੀਤਾ ਸੀ, ਹਾਲਾਂਕਿ ਉਨ੍ਹਾਂ ਨੂੰ ਇਸਦੀ ਗੈਰ-ਕਾਨੂੰਨੀ ਪ੍ਰਕਿਰਤੀ ਦੀ ਜਾਣਕਾਰੀ ਸੀ।
1xBet ਦੀ ਜਾਂਚ 'ਚ ਵੱਡਾ ਖੁਲਾਸਾ
ਈਡੀ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ 1xBet ਭਾਰਤ 'ਚ ਹਜ਼ਾਰਾਂ ਫਰਜ਼ੀ ਬੈਂਕ ਖਾਤਿਆਂ ਰਾਹੀਂ ਪੈਸੇ ਦਾ ਲੈਣ-ਦੇਣ ਕਰ ਰਿਹਾ ਸੀ। ਹੁਣ ਤੱਕ 6000 ਤੋਂ ਵੱਧ ਫਰਜ਼ੀ ਖਾਤੇ ਸਾਹਮਣੇ ਆ ਚੁੱਕੇ ਹਨ। ਮਨੀ ਲਾਂਡਰਿੰਗ ਦਾ ਟ੍ਰੇਲ ₹1000 ਕਰੋੜ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ ਈਡੀ ਨੇ 60 ਤੋਂ ਵੱਧ ਬੈਂਕ ਖਾਤਿਆਂ ਨੂੰ ਫਰੀਜ਼ ਕੀਤਾ ਹੈ।
