ਧਨਖੜ ਦੀ ਵਾਪਸੀ : ਤੂਫਾਨ ਤੋਂ ਬਾਅਦ ਦੀ ਸ਼ਾਂਤੀ
Saturday, Nov 08, 2025 - 11:57 PM (IST)
ਨੈਸ਼ਨਲ ਡੈਸਕ- ਮਹੀਨਿਆਂ ਦੀਆਂ ਅਟਕਲਾਂ ਤੇ ਖਾਮੋਸ਼ੀ ਤੋਂ ਬਾਅਦ ਹੁਣ ਇਹ ਜਾਪਦਾ ਹੈ ਕਿ ਜਗਦੀਪ ਧਨਖੜ ਤੇ ‘ਪਰਿਵਾਰ’ ਦਰਮਿਆਨ ਸਭ ਕੁਝ ਠੀਕ ਹੈ। ਸਾਬਕਾ ਉਪ ਰਾਸ਼ਟਰਪਤੀ, ਜਿਨ੍ਹਾਂ ਨੇ ‘ਸਿਹਤ’ ਦੇ ਕਾਰਨਾਂ ਕਰ ਕੇ ਅਚਾਨਕ ਅਸਤੀਫਾ ਦੇ ਦਿੱਤਾ ਸੀ, ਆਪਣੇ ਜਾਨਸ਼ੀਨ ਦੇ ਸਹੁੰ ਚੁੱਕ ਸਮਾਰੋਹ ਲਈ ਰਾਸ਼ਟਰਪਤੀ ਭਵਨ ’ਚ ਆਉਣ ਤੋਂ ਪਹਿਲਾਂ 53 ਦਿਨਾਂ ਲਈ ਪੂਰੀ ਤਰ੍ਹਾਂ ਚੁੱਪ ਰਹੇ ਤੇ ਗੈਰ-ਸਰਗਰਮ ਵੀ ਰਹੇ। ਹੁਣ ਸਭ ਠੀਕ ਜਾਪਦਾ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਧਨਖੜ ਨੇ ਚੁੱਪ ਰਹਿਣ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਤੇ ਆਰ. ਐੱਸ. ਐੱਸ. ਦੇ ਸੀਨੀਅਰ ਕਾਰਜਕਾਰੀ ਕ੍ਰਿਸ਼ਨਾ ਗੋਪਾਲ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ।
ਜਦੋਂ ਧਨਖੜ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਰਹੇ ਸਨ ਤਾਂ ਕ੍ਰਿਸ਼ਨਾ ਨੇ ਨਿੱਜੀ ਤੌਰ 'ਤੇ ਉਨ੍ਹਾਂ ਨਾਲ ਸੰਪਰਕ ਕੀਤਾ। ਧਨਖੜ ਹੁਣ ਜਲਦੀ ਹੀ ਲੁਟੀਅਨਜ਼ ਦਿੱਲੀ ’ਚ 34, ਏ. ਪੀ. ਜੇ. ਅਬਦੁਲ ਕਲਾਮ ਰੋਡ 'ਤੇ ਆਪਣੇ ਨਵੇਂ ਅਲਾਟ ਕੀਤੇ ਗਏ ਟਾਈਪ-8 ਬੰਗਲੇ ’ਚ ਰਹਿਣ ਲਈ ਜਾ ਸਕਦੇ ਹਨ।
ਉਨ੍ਹਾਂ ਬੰਗਲੇ ਦੀ ਚੋਣ ਖੁੱਦ ਕੀਤੀ ਹੈ ਹਾਲਾਂਕਿ ਅਲਾਟਮੈਂਟ ’ਚ ਕੁਝ ਸਮਾਂ ਲੱਗਿਆ, ਜਿਵੇਂ ਕਿ ਆਮ ਹੈ। ਧਨਖੜ ਨੇ ਸਰਕਾਰੀ ਗੈਸਟ ਹਾਊਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੀ ਬਜਾਏ ਉਹ ਅਾਰਜ਼ੀ ਤੌਰ ਤੇ ਛੱਤਰਪੁਰ ’ਚ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਦੀ ਮਲਕੀਅਤ ਵਾਲੇ ਫਾਰਮ ਹਾਊਸ ’ਚ ਰਹਿਣ ਲਈ ਚਲੇ ਗਏ ਸਨ।
ਧਨਖੜ ਨੂੰ ਉਨ੍ਹਾਂ ਦੀ ਪਸੰਦ ਦਾ ਸਟਾਫ਼ ਵੀ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪ੍ਰਤੀ ਮਹੀਨਾ 2 ਲੱਖ ਰੁਪਏ ਦੀ ਪੈਨਸ਼ਨ, ਇਕ ਨਿੱਜੀ ਸਕੱਤਰ, ਇਕ ਵਾਧੂ ਸਕੱਤਰ, ਇਕ ਨਿੱਜੀ ਸਹਾਇਕ, 4 ਸਹਾਇਕ, ਇਕ ਨਰਸਿੰਗ ਅਧਿਕਾਰੀ ਤੇ ਇਕ ਡਾਕਟਰ ਮਿਲੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੇ ਪਿਛਲੇ ਕਾਰਜਕਾਲ ਉਨ੍ਹਾਂ ਨੂੰ ਕਈ ਹੋਰ ਪੈਨਸ਼ਨਾਂ ਦਾ ਹੱਕਦਾਰ ਬਣਾਉਂਦੇ ਹਨ। ਲੋਕ ਸਭਾ ਦੇ ਸਾਬਕਾ ਮੈਂਬਰ ਵਜੋਂ ਉਹ 45,000 ਪ੍ਰਤੀ ਮਹੀਨਾ, ਸਾਬਕਾ ਵਿਧਾਇਕ ਵਜੋਂ 42,000 ਰੁਪਏ ਪ੍ਰਤੀ ਮਹੀਨਾ, ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਹੋਣ ਦੇ ਨਾਤੇ ਸਕੱਤਰੇਤ ਸਹਾਇਤਾ ਲਈ 25,000 ਰੁਪਏ ਲੈਣ ਦੇ ਹੱਕਦਾਰ ਹਨ।
ਉਨ੍ਹਾਂ ਦੀ ਰਿਹਾਇਸ਼ ਦੀ ਸੁਰੱਖਿਆ, ਉਨ੍ਹਾਂ ਦੇ ਅਧਿਕਾਰਾਂ ਦਾ ਨਿਰਧਾਰਨ ਹੋਣ ਤੇ ਉਨ੍ਹਾਂ ਦੇ ਪਾਰਟੀ ਦੇ ਰਸਤੇ ਦੁਬਾਰਾ ਖੁੱਲ੍ਹਣ ਨਾਲ ਧਨਖੜ ‘ਪਰਿਵਾਰ’ ਵਿਚ ਵਾਪਸ ਆ ਗਏ ਹਨ।
