ਇਕ ਹਜ਼ਾਰ ਤੋਂ ਵੱਧ ਕੁੜੀਆਂ ਨੇ ਪਾਸ ਕੀਤੀ NDA ਦੀ ਪ੍ਰੀਖਿਆ
Friday, Dec 17, 2021 - 12:24 PM (IST)
ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰੱਖਿਆ ਅਕਾਦਮੀ (ਐੱਨ.ਡੀ.ਏ.) ਦੇ ਦਰਵਾਜ਼ੇ ਕੁੜੀਆਂ ਲਈ ਖੋਲ੍ਹੇ ਜਾਣ ਤੋਂ ਬਾਅਦ ਹੋਈ ਪਹਿਲੀ ਪ੍ਰੀਖਿਆ ’ਚ 1002 ਮਹਿਲਾ ਉਮੀਦਵਾਰਾਂ ਨੇ ਇਸ ਨੂੰ ਸਫ਼ਲਤਾਪੂਰਵਕ ਪਾਸ ਕੀਤਾ ਹੈ। ਰੱਖਿਆ ਮੰਤਰੀ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,‘‘ਐੱਨ.ਡੀ.ਏ. ਦੀ ਪ੍ਰੀਖਿਆ ’ਚ ਪਾਸ ਹੋਣ ਵਾਲੇ 8000 ਉਮੀਦਵਾਰਾਂ ’ਚ ਪਹਿਲੀ ਵਾਰ ਪ੍ਰੀਖਿਆ ’ਚ ਬੈਠੀਆਂ 1002 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।’’
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸਰਕਾਰ ਨੇ ਐੱਨ.ਡੀ.ਏ. ਦੇ ਦਰਵਾਜ਼ੇ ਮਹਿਲਾ ਉਮੀਦਵਾਰਾਂ ਲਈ ਖੋਲ੍ਹ ਦਿੱਤੇ ਸਨ ਅਤੇ ਉਸ ਤੋਂ ਬਾਅਦ ਹੋਈ ਪ੍ਰੀਖਿਆ ’ਚ 1000 ਤੋਂ ਵੀ ਵਧ ਮਹਿਲਾ ਉਮੀਦਵਾਰਾਂ ਨੇ ਇਸ ਨੂੰ ਪਾਸ ਕੀਤਾ ਹੈ। ਇਨ੍ਹਾਂ ਮਹਿਲਾ ਉਮੀਦਵਾਰਾਂਨੂੰ ਹੁਣ ਅੱਗੇ ਦੀ ਚੋਣ ਪ੍ਰਕਿਰਿਆ ਦੇ ਅਧੀਨ ਸਰਵਿਸ ਸਿਲੈਕਸ਼ਨ ਬੋਰਡ (ਐੱਸ.ਐੱਸ.ਬੀ.) ਦੇ ਮਾਨਕਾਂ ਅਤੇ ਮੈਡੀਕਲ ਫਿਟਨੈੱਸ ਦੀ ਕਸੌਟੀ ’ਤੇ ਖਰ੍ਹਾ ਉਤਰਨਾ ਹੋਵੇਗਾ। ਪ੍ਰੀਖਿਆ ਪਾਸ ਕਰਨ ਵਾਲੀਆਂ 1002 ਮਹਿਲਾ ਉਮੀਦਵਾਰਾਂ ’ਚੋਂ ਸਿਰਫ਼ 19 ਨੂੰ ਰਾਸ਼ਟਰੀ ਰੱਖਿਆ ਅਕਾਦਮੀ ’ਚ ਸਿਖਲਾਈ ਲਈ ਚੁਣਿਆ ਜਾਵੇਗਾ। ਪੂਰੀ ਚੋਣ ਪ੍ਰਕਿਰਿਆ ਦੇ ਆਧਾਰ ’ਤੇ ਅਗਲੇ ਕੋਰਸ ਲਈ 400 ਉਮੀਦਵਾਰਾਂ ਨੂੰ ਚੁਣਿਆ ਜਾਣਾ ਹੈ, ਜਿਨ੍ਹਾਂ ’ਚੋਂ 19 ਸਥਾਨ ਬੀਬੀਆਂ ਲਈ ਰੱਖੇ ਗਏ ਹਨ। ਇਨ੍ਹਾਂ ’ਚੋਂ 10 ਨੂੰ ਫ਼ੌਜ ’ਚ, 6 ਨੂੰ ਹਵਾਈ ਫ਼ੌਜ ਅਤੇ ਤਿੰਨ ਨੂੰ ਜਲ ਸੈਨਾ ’ਚ ਕਮਿਸ਼ਨ ਮਿਲੇਗਾ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਐੱਨ.ਡੀ.ਏ. ਕੋਰਸ ’ਚ ਮਹਿਲਾ ਕੈਡੇਟ ਪੁਰਸ਼ਾਂ ਨਾਲ ਸਿਖਲਾਈ ਲੈਣਗੀਆਂ। ਇਸ ਲਈ ਪੁਣੇ ’ਚ ਖੜਕਵਾਸਲਾ ਸਥਿਤ ਰਾਸ਼ਟਰੀ ਰੱਖਿਆ ਅਕਾਦਮੀ ’ਚ ਸਾਰੀ ਜ਼ਰੂਰੀ ਵਿਵਸਥਾ ਅਤੇ ਇੰਤਜ਼ਾਮ ਕੀਤੇ ਜਾ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ