PM ਮੋਦੀ ਦੀ ਫਿਰੋਜ਼ਪੁਰ ਰੈਲੀ ਲਈ ਪੰਜਾਬ ਦੇ ਬਾਹਰੋਂ ਮੰਗਵਾਉਣੀਆਂ ਪਈਆਂ ਸਨ ਇਕ ਹਜ਼ਾਰ ਵਾਧੂ ਬੱਸਾਂ : ਭਾਜਪਾ
Tuesday, Jan 11, 2022 - 06:50 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਮਾਮਲਿਆਂ 'ਚ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪ੍ਰਤੀਕੂਲ ਮੌਸਮ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ 'ਚ ਜਾਣ ਲਈ ਲੋਕਾਂ 'ਚ ਇੰਨਾ ਉਤਸ਼ਾਹ ਸੀ ਕਿ ਪੰਜਾਬ ਦੇ ਨੇੜੇ-ਤੇੜ ਦੇ ਚਾਰ ਸੂਬਿਆਂ ਤੋਂ ਕਰੀਬ ਇਕ ਹਜ਼ਾਰ ਵਾਧੂ ਬੱਸਾਂ ਪਾਰਟੀਆਂ ਨੂੰ ਜੁਟਾਉਣੀਆਂ ਪਈਆਂ ਸਨ। ਦੱਸਣਯੋਗ ਹੈ ਕਿ 5 ਜਨਵਰੀ ਨੂੰ ਫਿਰੋਜ਼ਪੁਰ 'ਚ ਕਿਸਾਨਾਂ ਵਲੋਂ ਮਾਰਗ ਰੋਕੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਕਾਫ਼ਲਾ ਇਕ ਫਲਾਈਓਵਰ 'ਤੇ ਕਰੀਬ 20 ਮਿੰਟ ਤੱਕ ਰੁਕਿਆ ਰਿਹਾ ਸੀ। ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਪੰਜਾਬ 'ਚ ਰੈਲੀ ਸਮੇਤ ਹੋਰ ਪ੍ਰੋਗਰਾਮਾਂ 'ਚ ਹਿੱਸਾ ਲਏ ਬਿਨਾਂ ਹੀ ਪਰਤ ਆਏ ਸਨ। ਕੇਂਦਰ ਨੇ ਪੰਜਾਬ ਦੀ ਕਾਂਗਰਸ ਦੀ ਅਗਵਾਈ ਸਰਕਾਰ 'ਤੇ ਸੁਰੱਖਿਆ ਅਣਗਹਿਲੀ ਦਾ ਦੋਸ਼ ਲਗਾਇਆ ਅਤੇ ਇਸ ਸੰਬੰਧ 'ਚ ਤੁਰੰਤ ਰਿਪੋਰਟ ਦੇਣ ਲਈ ਕਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਭੀੜ ਨਾ ਜੁਟਾਉਣ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਮੁਲਤਵੀ ਕਰਨੀ ਪਈ ਸੀ ਅਤੇ ਇਸ ਲਈ ਸੁਰੱਖਿਆ ਅਣਗਹਿਲੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਰਾਜਧਾਨੀ ਸਥਿਤ ਭਾਜਪਾ ਹੈੱਡ ਕੁਆਰਟਰ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ੇਖਾਵਤ ਨੇ ਕਿਹਾ,''ਪੰਜਾਬ ਦੀ ਹਰ ਵਿਧਾਨ ਸਭਾ ਸੀਟ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਘਰਾਂ ਤੋਂ ਨਿਕਲੇ ਸਨ। ਆਪਣੇ ਲੰਬੇ ਰਾਜਨੀਤਕ ਜੀਵਨ 'ਚ ਮੈਂ ਕਦੇ ਨਹੀਂ ਦੇਖਿਆ ਕਿ ਜਦੋਂ ਮੌਸਮ ਇੰਨਾ ਖ਼ਰਾਬ ਹੋਵੇ, ਮੀਂਹ ਪੈ ਰਿਹਾ ਹੋਵੇ ਅਤੇ ਧੁੰਦ ਹੋਵੇ, ਇਸ ਦੇ ਬਾਵਜੂਦ ਲੋਕ ਖ਼ੁਦ ਹੀ ਬੱਸਾਂ 'ਚ ਬੈਠੇ ਅਤੇ ਹਜ਼ਾਰਾਂ ਦੀ ਗਿਣਤੀ 'ਚ ਬੱਸਾਂ ਰਵਾਨਾ ਹੋਈਆਂ।'' ਉਨ੍ਹਾਂ ਕਿਹਾ,''ਪੰਜਾਬ 'ਚ ਜਿੰਨੀਆਂ ਬੱਸਾਂ ਉਪਲੱਬਧ ਹੋ ਸਕਦੀਆਂ ਸਨ, ਕੀਤੀਆਂ ਗੀਆਂ ਸਨ, ਉਸ ਦੇ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੋਂ ਅਤੇ ਕੁਝ ਗਿਣਤੀ 'ਚ ਜੰਮੂ ਤੋਂ ਵੀ ਲਗਭਗ ਇਨ੍ਹਾਂ ਚਾਰ ਪ੍ਰਦੇਸ਼ਾਂ ਤੋਂ ਸਾਨੂੰ ਇਕ ਹਜ਼ਾਰ ਖ਼ਾਲੀ ਬੱਸਾਂ ਜੁਟਾਉਣੀਆਂ ਪਈਆਂ ਸਨ।''