ਛੱਤੀਸਗੜ੍ਹ ਦੇ ਬੀਜਾਪੁਰ ''ਚ ਮੁਕਾਬਲੇ ਦੌਰਾਨ ਨਕਸਲੀ ਢੇਰ, ਹਥਿਆਰ ਵੀ ਬਰਾਮਦ
Friday, Jul 19, 2024 - 09:51 PM (IST)

ਬੀਜਾਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਅਤੇ ਤੇਲੰਗਾਨਾ ਰਾਜਾਂ ਦੇ ਸਰਹੱਦੀ ਖੇਤਰ 'ਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਗ੍ਰੇਹਾਊਂਡਸ ਅਤੇ ਬੀਜਾਪੁਰ ਡੀਆਰਜੀ ਦੀ ਸਾਂਝੀ ਫੋਰਸ ਵੀਰਵਾਰ ਤੋਂ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਤੇਲੰਗਾਨਾ ਦੇ ਮੁਦਗੂ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ 'ਚ ਨਕਸਲ ਵਿਰੋਧੀ ਮੁਹਿੰਮ 'ਤੇ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਬੀਜਾਪੁਰ ਜ਼ਿਲ੍ਹੇ ਦੇ ਇਲਾਮੀਦੀ ਥਾਣਾ ਖੇਤਰ ਦੇ ਅਧੀਨ ਸਿਮਲਟੋਡੀ ਪਿੰਡ ਦੇ ਜੰਗਲ 'ਚ ਸ਼ੁੱਕਰਵਾਰ ਸਵੇਰੇ 10 ਵਜੇ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁੱਠਭੇੜ ਹੋਈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਜਦੋਂ ਸੁਰੱਖਿਆ ਬਲਾਂ ਨੇ ਮੌਕੇ ਦੀ ਤਲਾਸ਼ੀ ਲਈ ਤਾਂ ਇੱਕ ਮਾਓਵਾਦੀ ਦੀ ਲਾਸ਼ ਬਰਾਮਦ ਹੋਈ। ਮੌਕੇ ਤੋਂ ਇੱਕ ਕਾਰਬਾਈਨ, ਗ੍ਰਨੇਡ, ਮਾਓਵਾਦੀ ਵਰਦੀ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ 'ਚ ਨਕਸਲੀਆਂ ਖਿਲਾਫ ਮੁਹਿੰਮ ਜਾਰੀ ਹੈ।